ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਤੋਂ ਹੋਇਆ ਖੁਲਾਸਾ
ਸੁਖਜਿੰਦਰ ਮਾਨ
ਬਠਿੰਡਾ, 5 ਮਾਰਚ : ਬਠਿੰਡਾ ਦੀ ਸਿਟੀ ਟਰੈਫਿਕ ਪੁਲਿਸ ਨੇ ਸ਼ਹਿਰ ’ਚ ਗਲਤ ਤਰੀਕੇ ਨਾਲ ਪਾਰਕਿੰਗ ਕੀਤੇ ਵਾਹਨਾਂ ਨੂੰ ਚੁੱਕਣ ਦੇ ਬਦਲੇ ਪਿਛਲੇ ਪੰਜ ਸਾਲਾਂ ’ਚ 84 ਹਜ਼ਾਰ ਰੁਪਏ ਦੇ ਕਰੀਬ ਤੋਂ ਵੱਧ ਕਮਾਈ ਕੀਤੀ ਹੈ। ਆਰਟੀਆਈ ਕਾਰਕੁਨ ਸੰਜੀਵ ਗੋਇਲ ਵਲੋਂ ਮੰਗੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਵਲੋਂ ਦਿੱਤੇ ਪੰਜ ਸਾਲ ਦੇ ਅੰਕੜਿਆਂ ਮੁਤਾਬਕ ਸਾਲ 2018 ਤੋਂ ਹੁਣ ਤੱਕ ਟੋ ਕੀਤੇ ਵਾਹਨਾਂ ਤੋਂ 84,02,500/- ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ। ਟਰੈਫਿਕ ਪੁਲਿਸ ਵਲੋਂ ਪੀਲੀ ਲਾਈਨ ਦੇ ਬਾਹਰ ਮੁੱਖ ਬਜ਼ਾਰਾਂ ਦੀਆਂ ਸੜਕਾਂ ’ਤੇ ਪਾਰਕਿੰਗ ਕੀਤੀਆਂ ਕਾਰਾਂ ਤੇ ਜੀਪਾਂ ਨੂੰ ਟੋ ਵਾਹਨ ਦੀ ਮੱਦਦ ਨਾਲ ਚੂੱਕ ਕੇ ਥਾਣੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ, ਜਿਸਨੂੰ ਛੱਡਣ ਬਦਲੇ ਪ੍ਰਤੀ ਵਾਹਨ 2000 ਰੁਪਏ ਜੁਰਮਾਨਾ ਵਸੂਲਿਆ ਜਾਂਦਾ ਹੈ। ਅੰਕੜਿਆਂ ਮੁਤਾਬਕ ਟੋ ਕੀਤੇ ਵਾਹਨਾਂ ਨੂੰ ਛੱਡਣ ਬਦਲੇ ਪੁਲਿਸ ਵਲੋਂ ਸਭ ਤੋਂ ਵੱਧ ਸਾਲ 2020 ਵਿਚ ਜੁਰਮਾਨਾ ਵਸੂਲਿਆ ਗਿਆ, ਜਿਸ ਦੀ ਰਕਮ 27,87,100/- ਰੁਪਏ ਬਣਦੀ ਹੈ। ਇਸੇ ਤਰ੍ਹਾਂ ਸਾਲ 2021 ਵਿੱਚ ਵੀ 17,17,400/- ਜੁਰਮਾਨਾ ਵਸੂਲਿਆ ਗਿਆ ਹੈ। ਪਰ 2022 ਵਿਚ ਸਿਰਫ਼ 7,72,500/- ਰੁਪਏ ਹੀ ਜੁਰਮਾਨੇ ਤੋਂ ਪੁਲਿਸ ਨੂੰ ਆਮਦਨ ਹੋਈ ਹੈ। ਅੰਕੜਿਆਂ ਮੁਤਾਬਕ ਸਾਲ 2018 ਵਿੱਚ 15,68,400/-ਰੁਪਏ ਅਤੇ ਸਾਲ 2019 ਵਿੱਚ 15,57,100/- ਰੁਪਏ ਵਸੂਲੇ ਗਏ। ਦਸਣਾ ਬਣਦਾ ਹੈ ਕਿ ਟਰੈਫ਼ਿਕ ਪੁਲਿਸ ਵਲੋਂ ਗੈਰ-ਪਾਰਕਿੰਗ ਵਿਚ ਖੜੇ ਵਾਹਨਾਂ ਦੇ ਮਾਲਕਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਉਨ੍ਹਾਂ ਦੇ ਵਾਹਨਾਂ ਨੂੰ ਟੋ ਵੈਨਾਂ ਦੀ ਮੱਦਦ ਨਾਲ ਚੁੱਕ ਲਿਆ ਜਾਂਦਾ ਹੈ ਤੇ ਨੇੜੇ ਦੇ ਥਾਣੇ ਜਾਂ ਫ਼ਿਰ ਪੁਲਿਸ ਲਾਈਨ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਜਿੱਥੇ ਜੁਰਮਾਨਾ ਵਸੂਲ ਕੇ ਵਾਹਨ ਨੂੰ ਛੱਡਿਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸਦਾ ਮਕਸਦ ਗੈਰ-ਪਾਰਕਿੰਗ ’ਚ ਵਾਹਨ ਖੜੇ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਹੁੰਦਾ ਹੈ ਤਾਂ ਕਿ ਉਹ ਅੱਗੇ ਤੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨਾ ਕਰਨ। ਇੱਥੇ ਦਸਣਾ ਬਣਦਾ ਹੈ ਕਿ ਪੁਲਿਸ ਵਲੋਂ ਟਰੈਫ਼ਿਕ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਸ਼ਹਿਰ ਦੇ ਪ੍ਰਮੁੱਖ ਸੜਕਾਂ ਉਪਰ ਪੀਲੀ ਲਾਈਨ ਵਾਹੀ ਗਈ ਹੈ, ਜਿਸਦੇ ਅੰਦਰ ਹੀ ਵਹੀਕਲ ਖੜ੍ਹੇ ਕਰਨੇ ਹੁੰਦੇ ਹਨ। ਪ੍ਰੰਤੂ ਇਸਦੇ ਬਾਵਜੂਦ ਆਮ ਤੌਰ ’ਤੇ ਲੋਕ ਇੰਨ੍ਹਾਂ ਲਾਈਨਾਂ ਦੇ ਬਾਹਰ ਅਪਣੀਆਂ ਗੱਡੀਆਂ ਨੂੰ ਪਾਰਕ ਕਰ ਦਿੰਦੇ ਹਨ, ਜਿਸਦੇ ਨਾਲ ਟਰੈਫ਼ਿਕ ਵਿਚ ਵਿਘਨ ਪੈਂਦਾ ਹੈ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਸ਼ਹਿਰ ਦੇ ਮਾਲ ਰੋਡ, ਧੋਬੀ ਬਜ਼ਾਰ, ਬੈਂਕ ਬਜ਼ਾਰ, ਹਸਪਤਾਲ ਬਜ਼ਾਰ, ਸਿਰਕੀ ਬਜ਼ਾਰ, ਗੋਲਡਿਗੀ ਮਾਰਕੀਟ, ਅਮਰੀਕ ਸਿੰਘ ਰੋਡ, ਅਜੀਤ ਰੋਡ, 100 ਫੁੱਟੀ ਰੋਡ ਅਤੇ ਸਟੇਸ਼ਨ ਵਾਲੇ ਆਦਿ ਖੇਤਰਾਂ ਵਿਚ ਜਿਆਦਾ ਭੀੜ-ਭੜੱਕਾ ਰਹਿਣ ਕਾਰਨ ਟਰੈਫ਼ਿਕ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਹਾਲਾਂਕਿ ਸ਼ਹਿਰ ਵਿਚ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵਲੋਂ ਮਾਲ ਰੋਡ ’ਤੇ ਸਥਿਤ ਸਰਕਾਰੀ ਗਰਲ਼ਜ ਸਕੂਲ ਦੇ ਸਾਹਮਣੇ ਸੈਕੜੇ ਵਾਹਨਾਂ ਨੂੰ ਪਾਰਕਿੰਗ ਕਰਨ ਲਈ ਇੱਕ ਮਲਟੀਸਟੋਰੀ ਪਾਰਕਿੰਗ ਵੀ ਬਣਾਈ ਜਾ ਰਹੀ ਹੈ, ਜਿਸਦੇ ਨਾਲ ਇਸ ਖੇਤਰ ਵਿਚ ਟਰੈਫ਼ਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਬਾਕਸ
ਟਰੈਫ਼ਿਕ ਸਮੱਸਿਆ ਦੇ ਹੱਲ ਲਈ ਪੁਲਿਸ ਯਤਨਸ਼ੀਲ: ਟਰੈਫ਼ਿਕ ਇੰਚਾਰਜ਼
ਬਠਿੰਡਾ: ਉਧਰ ਸਿਟੀ ਟਰੈਫ਼ਿਕ ਪੁਲਿਸ ਦੇ ਇੰਚਾਰਜ਼ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਸੰਪਰਕ ਕਰਨ ’ਤੇ ਦਸਿਆ ਕਿ ਪੁਲਿਸ ਦਾ ਮਕਸਦ ਸ਼ਹਿਰ ’ਚ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਰੂਪ ਵਿਚ ਚਲਾਉਣਾ ਹੈ ਤਾਂ ਕਿ ਇੱਥੋਂ ਗੁਜਰਨ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦਸਿਆ ਕਿ ਸਿਟੀ ਟਰੈਫ਼ਿਕ ਪੁਲਿਸ ਕੋਲ ਪਹਿਲਾਂ ਸ਼ਹਿਰ ਵਿਚ ਦੋ ਟੋ ਵੈਨਾਂ ਸਨ ਪ੍ਰੰਤੂ ਹੁਣ ਉਹ ਕੁੱਝ ਕਾਰਨਾਂ ਕਰਕੇ ਬੰਦ ਹਨ ਤੇ ਜਲਦੀ ਹੀ ਇੰਨ੍ਹਾਂ ਨੂੰ ਮੁੜ ਚਲਾਇਆ ਜਾ ਰਿਹਾ ਹੈ। ਟਰੈਫ਼ਿਕ ਇੰਚਾਰਜ਼ ਨੇ ਲੋਕਾਂ ਵੀ ਅਪੀਲ ਕੀਤੀ ਕਿ ਉਹ ਟਰੈਫ਼ਿਕ ਵਿਵਸਥਾ ਨੂੰ ਚਲਾਉਣ ਵਿਚ ਪੁਲਿਸ ਦੀ ਮੱਦਦ ਕਰਨ।
Share the post "ਬਠਿੰਡਾ ਦੀ ਟਰੈਫਿਕ ਪੁਲਿਸ ਨੇ ਪੰਜ ਸਾਲਾਂ ’ਚ ਗੈਰ-ਪਾਰਕਿੰਗ ਤੋਂ ਚੁੱਕੇ ਵਾਹਨਾਂ ਤੋਂ 84 ਹਜ਼ਾਰ ਰੁਪਏ ਵਸੂਲਿਆ ਜੁਰਮਾਨਾ"