ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਸਥਾਨਕ ਸ਼ਹਿਰ ਦੇ ਬਲਰਾਜ ਨਗਰ ‘ਚ ਇੱਕ ਰਾਸ਼ਨ ਡੀਪੂ ਦੇ ਸੰਚਾਲਕ ਵਲੋਂ ਲਾਭਪਾਤਰੀਆਂ ਨੂੰ ਵੰਡੀ ਜਾਣ ਵਾਲੀ ਕਣਕ ਵਿਚ ਖਰਾਬ ਕਣਕ ‘ਮਿਕਸ’ ਕਰਨ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਹੋਣ ਦੀ ਸੂਚਨਾ ਹੈ। ਇਸ ਮੌਕੇ ਮੌਜੂਦ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਇੱਕ ਅਧਿਕਾਰੀ ਨੂੰ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਤੇ ਉਸਦਾ ਘਿਰਾਓ ਕੀਤਾ ਗਿਆ। ਬਾਅਦ ਵਿਚ ਪੁਲਿਸ ਪਾਰਟੀ ਵੀ ਮੌਕੇ ’ਤੇ ਪੁੱਜੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੱਸ਼ਟ ਤੌਰ ’ਤੇ ਇਸ ਮਾਮਲੇ ਵਿਚ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਦੋਸ਼ ਲਗਾਉਂਦਿਆਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸੂਚਨਾ ਮੁਤਾਬਕ ਉਕਤ ਖੇਤਰ ਵਿਚ ਸਥਿਤ ਰਾਸ਼ਨ ਡਿੱਪੂ ’ਤੇ ਸਰਕਾਰ ਵੱਲੋਂ ਲੋੜਵੰਦਾਂ ਲਈ ਜਾਰੀ ਕੀਤੀ ਕਣਕ ਦੀ ਵੰਡ ਦਾ ਕੰਮ ਹੋਣਾ ਸੀ ਪ੍ਰੰਤੂ ਇਸ ਦੌਰਾਨ ਡੀਪੂ ਵਾਲੀ ਜਗ੍ਹਾਂ ’ਤੇ ਪੁੱਜੇ ਕੁੱਝ ਲੋਕਾਂ ਨੇ ਦੇਖਿਆ ਕਿ ਘਟੀਆਂ ਗੁਣਵੰਤਾਂ ਵਾਲੀ ਕਣਕ ਸਰਕਾਰ ਵਲੋਂ ਭੇਜੀ ਚੰਗੀ ਕਣਕ ਵਿਚ ਮਿਲਾਈ ਜਾ ਰਹੀ ਸੀ। ਜਿਸਦੇ ਚੱਲਦੇ ਉਨ੍ਹਾਂ ਰੋਲਾ ਪਾ ਦਿੱਤਾ ਤੇ ਮੌਕੇ ’ਤੇ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਡਿੱਪੂ ਹੋਲਡਰ ਤੇ ਲੋਕਾਂ ਵਿਚਕਾਰ ਜੰਮ ਕੇ ਤਕਰਾਰ ਹੋਈ। ਪ੍ਰੰਤੂ ਮੌਕੇ ’ਤੇ ਮੌਜੂਦ ਵਿਭਾਗ ਦੇ ਇੱਕ ਇੰਸਪੈਕਟਰ ਨੇ ਰਹੱਸਮਈ ਚੁੱਪੀ ਧਾਰਨ ਕਰੀ ਰੱਖੀ। ਜਿਸ ਕਾਰਨ ਲੋਕਾਂ ਨੂੰ ਮਾਮਲਾ ਹੋਰ ਵੀ ਸ਼ੱਕੀ ਲੱਗਿਆ। ਉਧਰ ਉਚ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਦੋਂਕਿ ਡਿੱਪੂ ਹੋਲਡਰ ਦਾ ਦਾਅਵਾ ਹੈ ਕਿ ਉਹ ਖ਼ਰਾਬ ਨਿਕਲੀ ਕਣਕ ਨੂੰ ਬਦਲ ਰਹੇ ਸਨ ਨਾ ਕਿ ਉਸ ਵਿਚ ਮਾੜੀ ਕਣਕ ਮਿਲਾ ਰਿਹਾ ਸੀ। ਇੱਥੇ ਇਹ ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਵੀ ਸਿਕਾਇਤਾਂ ਕਾਰਨ ਜ਼ਿਲ੍ਹੈ ਵਿਚ ਅੱਧੀ ਦਰਜ਼ਨ ਦੇ ਕਰੀਬ ਰਾਸ਼ਨ ਡਿੱਪੂਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਸਨ।
ਬਠਿੰਡਾ ਦੇ ਇੱਕ ਡੀਪੂ ’ਤੇ ਖ਼ਰਾਬ ਕਣਕ ਮਿਕਸ ਕਰਨ ਨੂੰ ਲੈ ਕੇ ਹੋਇਆ ਵਿਵਾਦ
17 Views