ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਦੀ ਮੱਦਦ ਨਾਲ ਸੁਸਾਇਟੀ ਦੇ ਮੈਂਬਰਾਂ ਨੇ ਕਰਵਾਇਆ ਹਸਪਤਾਲ ਦਾਖਲ
ਹਾਲਤ ਗੰਭੀਰ ਹੋਣ ਤੇ ਸਿਵਲ ਹਸਪਤਾਲ ਚੋਂ ਕੀਤਾ ਪ੍ਰਾਈਵੇਟ ਹਸਪਤਾਲ ਚ ਰੈਫ਼ਰ
ਮੁੱਢਲੀ ਪੜਤਾਲ ਮੁਤਾਬਕ ਨੌਜਵਾਨ ਕਥਿਤ ਤੌਰ ਤੇ ਕਿਸੇ ਘਰੇਲੂ ਝਗੜੇ ਕਾਰਨ ਚੱਲ ਰਿਹਾ ਸੀ ਪਰੇਸਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 25 ਅਕਤੂੁਬਰ: ਮਿਲੀ ਸੂਚਨਾ ਮੁਤਾਬਕ ਅੱਜ ਸਵੇਰੇ ਐਸਐਸਪੀ ਬਠਿੰਡਾ ਦੀ ਰਿਹਾਇਸ ਨੇੜੇ ਸੜਕ ’ਤੇ ਇੱਕ ਨੌਜਵਾਨ ਗੰਭੀਰ ਹਾਲਾਤ ਵਿਚ ਮਿਲਿਆ ਹੈ। ਮੁਢਲੀ ਪੜਤਾਲ ਮੁਤਾਬਕ ਨੌਜਵਾਨ ਵਲੋਂ ਕਥਿਤ ਤੌਰ ’ਤੇ ਜ਼ਹਿਰੀਲੀ ਦਵਾਈ ਪੀਤੀ ਹੋਈ ਸੀ ਅਤੇ ਉਸਦੇ ਕੋਲੋ ਇੱਕ ਜਹਿਰੀਲੀ ਕੀਟਨਾਸਕ ਦੀ ਸ਼ੀਸ਼ੀ ਵੀ ਬਰਾਮਦ ਹੋਈ ਹੈ। ਹਾਲਾਂਕਿ ਇਹ ਪਤਾ ਨਹੀਂ ਚੱਲਿਆ ਕਿ ਉਸਨੇ ਇਹ ਦਵਾਈ ਐਸ.ਐਸ.ਪੀ ਦੀ ਰਿਹਾਇਸ਼ ਨਜਦੀਕ ਪੀਤੀ ਜਾਂ ਫ਼ਿਰ ਪਿੱਛੇ ਪੀਣ ਤੋਂ ਬਾਅਦ ਇੱਥੇ ਉਹ ਡਿੱਗ ਪਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਦੀ ਮੱਦਦ ਨਾਲ ਸੁਸਾਇਟੀ ਦੇ ਮੈਂਬਰਾਂ ਨੇ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਗੰਭੀਰ ਹੋਣ ’ਤੇ ਸਿਵਲ ਹਸਪਤਾਲ ਚੋਂ ਪ੍ਰਾਈਵੇਟ ਹਸਪਤਾਲ ਚ ਰੈਫ਼ਰ ਕਰ ਦਿੱਤਾ ਗਿਆ। ਮੁੱਢਲੀ ਪੜਤਾਲ ਮੁਤਾਬਕ ਨੌਜਵਾਨ ਕਥਿਤ ਤੌਰ ’ਤੇ ਕਿਸੇ ਘਰੇਲੂ ਝਗੜੇ ਕਾਰਨ ਪਰੇਸਾਨ ਚੱਲ ਰਿਹਾ ਸੀ। ਨੌਜਵਾਨ ਦੀ ਪਛਾਣ ਸੋਨੂੰ (42 ਸਾਲ) ਪੁੱਤਰ ਰਾਮ ਕਿ੍ਰਸਨ ਵਾਸੀ 25 ਗਜ ਕੁਆਰਟਰ ਧੋਬੀਆਣਾ ਬਸਤੀ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਨੌਜਵਾਨ ਪੇਂਟਰ ਦਾ ਕੰਮ ਕਰਦਾ ਹੈ। ਉਧਰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਦੇ ਰਾਹੀਂ ਉਸ ਨੂੰ ਸੂਚਨਾ ਮਿਲੀ ਸੀ ਪ੍ਰੰਤੂ ਘਟਨਾ ਸਮੇਂ ਉਹ ਰਿਹਾਇਸ ਉੱਪਰ ਨਹੀਂ ਸਨ ਅਤੇ ਬਾਹਰ ਗਏ ਹੋਏ ਸਨ। ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਮੁਤਾਬਕ ਨੌਜਵਾਨ ਘਰੇਲੂ ਝਗੜੇ ਕਾਰਨ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਪੁਲੀਸ ਨਾਲ ਉਸ ਦਾ ਕੋਈ ਵਿਵਾਦ ਨਹੀਂ ਸੀ ਫਿਰ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰਾਂ ਨੇ ਦਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਵਲੰਟੀਅਰ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ। ਸੁਸਾਇਟੀ ਦੇ ਮੈਂਬਰਾਂ ਦੇ ਦਾਅਵੇ ਮੁਤਾਬਿਕ ਨੌਜਵਾਨ ਦੇ ਕੋਲ ਮੋਨੋ ਕੀਟਨਾਸਕ ਦੀ ਬੋਤਲ ਪਈ ਸੀ ਅਤੇ ਉਸ ਦੇ ਮੂੰਹ ਅਤੇ ਨੱਕ ਵਿੱਚੋਂ ਝੱਗ ਨਿਕਲ ਰਹੀ ਸੀ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਬਠਿੰਡਾ ਦੇ ਐੱਸਐੱਸਪੀ ਦੀ ਰਿਹਾਇਸ਼ ਨਜ਼ਦੀਕ ਗੰਭੀਰ ਹਾਲਾਤ ’ਚ ਮਿਲਿਆ ਨੌਜਵਾਨ
10 Views