ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ’ਚ ਬਠਿੰਡਾ ਵਾਲਿਆਂ ਨੇ ਬਣਾਇਆ ਕਿਸਾਨ ਚੌਂਕ
ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਦੁਨੀਆਂ ਭਰ ’ਚ ਵੱਖਰੀ ਛਾਪ ਛੱਡਣ ਵਾਲੇ ਕਿਸਾਨ ਸੰਘਰਸ਼ ਦੇ ਸਹੀਦਾਂ ਦੀ ਯਾਦ ’ਚ ਹੁਣ ਬਠਿੰਡਾ ਵਾਲਿਆਂ ਨੇ ਬਲਦਾਂ ਦੀ ਜੋੜੀ ਨਾਲ ਹਲ ਵਾਹੁੰਦੇ ਕਿਸਾਨ ਦੀ ਫ਼ੋਟੋ ਵਾਲਾ ਬੁੱਤ ਸਥਾਪਤ ਕੀਤਾ ਹੈ। ਸਥਾਨਕ ਬਠਿੰਡਾ-ਮਲੋਟ ਰਿੰਗ ਰੋਡ ’ਤੇ ਸਥਿਤ ਮੁਲਤਾਨੀਆ ਸੜਕ ਉਪਰ ਬਣੇ ਇਸ ਕਿਸਾਨ ਚੌਂਕ ’ਤੇ ਲਗਾਈ ਇਹ ਬਲਦਾਂ ਦੀ ਜੋੜੀ ਦਾ ਉਦਘਾਟਨ ਕਿਸਾਨ ਸੰਘਰਸ਼ ’ਚ ਹਿੱਸਾ ਲੈਣ ਵਾਲੇ ਕਿਸਾਨਾਂ ਨੇ ਹੀ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਚੌਕ ਨੂੰ ਕਿਸਾਨ ਚੌਂਕ ਦਾ ਨਾਮ ਦੇਣ ਤੇ ਹੁਣ ਇੱਥੇ ਕਿਸਾਨ ਨਾਲ ਬਲਦਾਂ ਦੀ ਜੋੜੀ ਸਥਾਪਤ ਕਰਨ ਵਿਚ ਸ਼ਹਿਰ ਦੀ ਮੁਹੱਲਾ ਪੱਤੀ ਝੁੱਟੀ ਦੇ ਲੋਕਾਂ ਦਾ ਵੱਡਾ ਯੋਗਦਾਨ ਹੈ, ਜਿੰਨ੍ਹਾਂ ਕਿਸਾਨਾਂ ਦੀ ਯਾਦ ’ਚ ਇਹ ਕਦਮ ਚੁੱਕਣ ਲਈ ਨਾ ਸਿਰਫ਼ ਪੱਲਿਓ ਪੈਸੇ ਇਕੱਤਰ ਕੀਤੇ, ਬਲਕਿ ਮੋਗਾ ਦੇ ਪ੍ਰਸਿੱਧ ਬੁੱਤ ਘਾੜੇ ਤੋਂ ਇਹ ਹਸੀਨ ਬਲਦਾਂ ਦੀ ਜੋੜੀ ਤੇ ਕਿਸਾਨ ਦਾ ਬੁੱਤ ਤਰਾਸ਼ ਕੇ ਇੱਥੇ ਸਥਾਪਤ ਕੀਤਾ। ਅੱਜ ਇਸ ਜੋੜੀ ਨੂੰ ਸਥਾਪਤ ਕਰਨ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਸਾਰਾ ਦਿਨ ਲੰਘਰ ਦਾ ਪ੍ਰਵਾਹ ਚੱਲਦਾ ਰਿਹਾ। ਇੱਥੋਂ ਗੁਜ਼ਰਨ ਵਾਲੇ ਹਰੇਕ ਵਿਅਕਤੀ ਦੀ ਖਿੱਚ ਦਾ ਕੇਂਦਰ ਬਣੇ ਇਸ ਕਿਸਾਨ ਚੌਕ ਨੂੰ ਸਿੰਗਾਰਨ ਵਿਚ ਯੋਗਦਾਨ ਪਾਉਣ ਵਾਲੇ ਇਲਾਕੇ ਦੇ ਕੋਂਸਲਰ ਤੇ ਹੋਰਨਾਂ ਨੌਜਵਾਨਾਂ ਨੇ ਦਸਿਆ ਕਿ ‘‘ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਸ਼ਹੀਦ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਇੱਥੇ ਹਰ ਸਾਲ ਸਮਾਗਮ ਕਰਵਾਇਆ ਜਾ ਕਰੇਗਾ। ’’ ਮੁਹੱਲੇ ਦੇ ਵਾਸੀ ਕੁਲਜੀਤ ਸਿੰਘ ਨੇ ਦਸਿਆ ਕਿ ਇਹ ਕਿਸਾਨ ਮਾਡਲ‘ ਸਥਾਪਤ ਕਰਨ ਲਈ ਕਰੀਰ ਦੋ ਲੱਖ ਰੁਪਏ ਦਾ ਖਰਚ ਆਇਆ ਹੈ, ਜਿਸ ਵਿਚੋਂ ਕਰੀਬ ਸਵਾ ਲੱਖ ਇਸ ਕਿਸਾਨ ਮਾਡਲ ਨੂੰ ਬਣਾਉਣ ’ਤੇ ਲੱਗੇ ਹਨ।
ਬਠਿੰਡਾ ਦੇ ਕਿਸਾਨ ਚੌਕ ’ਚ ਹਲ ਵਾਹੁੰਦੇ ਬਲਦਾਂ ਦੀ ਜੋੜੀ ਵਧਾਏਗੀ ਸ਼ਾਨ
10 Views