ਸੁਖਜਿੰਦਰ ਮਾਨ
ਬਠਿੰਡਾ, 23 ਫਰਵਰੀ: ਤਿੰਨ ਦਿਨ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਬੇਸ਼ੱਕ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਅੱਧੀ ਦਰਜ਼ਨ ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਘੱਟ ਵੋਟਿੰਗ ਸੂਬੇ ਦੇ ਚਰਚਿਤ ਹਲਕੇ ਬਠਿੰਡਾ ਸ਼ਹਿਰ ਵਿਚ ਦਰਜ਼ ਕੀਤੀ ਗਈ ਪ੍ਰੰਤੂ ਇਸ ਹਲਕੇ ਦੇ ਲਾਈਨੋਪਾਰ ਇਲਾਕੇ ਵਿਚ ਹੋਈ ਬੰਪਰ ਵੋਟਿੰਗ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਇਸ ਇਲਾਕੇ ਵਿਚੋਂ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵੀ ਚੋਣ ਮੈਦਾਨ ਵਿਚ ਉਤਰੇ ਹੋਏ ਸਨ ਪ੍ਰੰਤੂ ਸ਼ਹਿਰ ਵਿਚ ‘ਲੱਛਮੀ’ ਦੇ ਪ੍ਰਤਾਪ ਦੀਆਂ ਉਡੀਆਂ ਅਫ਼ਵਾਹਾਂ ਵੀ ਕਹਾਣੀ ਬਦਲਣ ਦੀ ਸਮਰੱਥਾ ਰੱਖਦੀਆਂ ਹਨ। ਦਸਣਾ ਬਣਦਾ ਹੈ ਕਿ ਇਸ ਹਲਕੇ ਤੋਂ ਸੂਬੇ ਦੇ ਵਿਤ ਮੰਤਰੀ ਤੇ ਪੰਜਾਬ ਦੇ ਸਭ ਤੋਂ ਘਾਗ ਸਿਆਸਤਦਾਨ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜ਼ੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਦੂਜੀ ਵਾਰ ਚੋਣ ਮੈਦਾਨ ਵਿਚ ਸਨ। ਹਾਲਾਂਕਿ ਉਨ੍ਹਾਂ ਦੇ ਸਹਿਤ ਇੱਥੋਂ ਦਸ ਉਮੀਦਵਾਰ ਮੈਦਾਨ ਵਿਚ ਡਟੇ ਹੋਏ ਸਨ ਪ੍ਰੰਤੂ ਟੱਕਰ ਤਿਕੌਣੀ ਹੀ ਬਣੀ ਹੋਈ ਸੀ, ਜਿਸ ਵਿਚ ਆਪ ਦੇ ਜਗਰੂਪ ਸਿੰਘ ਗਿੱਲ ਤੇ ਅਕਾਲੀ ਦਲ ਸਰੂਪ ਸਿੰਗਲਾ ਦਾ ਨਾਮ ਸ਼ਾਮਲ ਹੈ। 20 ਫ਼ਰਵਰੀ ਨੂੰ ਹੋਈ ਵੋਟਿੰਗ ਵਿਚ ਬਠਿੰਡਾ ਸ਼ਹਿਰੀ ਹਲਕੇ ’ਚ ਸਭ ਤੋਂ ਘੱਟ 69.89 ਫ਼ੀਸਦੀ ਪੋਲਿੰਗ ਹੋਈ ਸੀ। ਜਦੋਂਕਿ ਜ਼ਿਲ੍ਹੇ ਦੇ ਦੂਜੇ ਪੰਜਾਂ ਹਲਕਿਆਂ ਵਿਚ 79 ਫ਼ੀਸਦੀ ਤੋਂ 83 ਫ਼ੀਸਦੀ ਪੋਲਿੰਗ ਰਹੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਪਹਿਲੇ ਬੂਥਾਂ ਵਿਚੋਂ ਮਾਰ ਖਾਣ ਵਾਲੇ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਵਾਰ ਥਰਮਲ ਦੇ ਢਹਿ ਢੇਰੀ ਹੋਣ ਕਾਰਨ ਸਭ ਤਂੋ ਵੱਡਾ ਖ਼ਤਰਾ ਮੁੜ ਇੰਨ੍ਹਾਂ ਇਲਾਕਿਆਂ ਵਿਚੋਂ ਸੀ ਪ੍ਰੰਤੂ ਅੰਕੜਿਆਂ ਮੁਤਾਬਕ ਥਰਮਲ ਕਲੌਨੀ ਦੇ ਇਸਦੇ ਆਸਪਾਸ ਪੈਂਦੇ ਬੂਥ ਨੰਬਰ 3,13,14,15 ਵਿਚ ਸਭ ਤੋਂ ਘੱਟ 26 ਤੋਂ 30 ਫ਼ੀਸਦੀ ਵੋਟਿੰਗ ਦਰਜ਼ ਕੀਤੀ ਗਈ ਹੈ। ਜਦੋਂਕਿ ਲਾਈਨੋਪਾਰ ਇਲਾਕੇ ਜਿਸ ਵਿਚ ਪਰਸਰਾਮ ਨਗਰ, ਪ੍ਰਤਾਪ ਨਗਰ, ਅਮਰਪੁਰਾ ਬਸਤੀ, ਲਾਲ ਸਿੰਘ ਨਗਰ, ਗੋਪਾਲ ਨਗਰ ਆਦਿ ਖੇਤਰਾਂ ਵਿਚ ਕਿਤੇ ਵੀ 74-75 ਫ਼ੀਸਦੀ ਤੋਂ ਘਟ ਵੋਟਿੰਗ ਨਹੀਂ ਹੋਈ ਹੈ। ਸਿਆਸੀ ਮਾਹਰ ਇੰਨਾਂ ਇਲਾਕਿਆਂ ਵਿਚ ਹੋਈ ਬੰਪਰ ਵੋਟਿੰਗ ਨੂੰ ਦੋ-ਧਾਰੀ ਮੰਨ ਕੇ ਚੱਲ ਰਹੇ ਹਨ। ਜਿੰਨ੍ਹਾਂ ਵਿਚ ਇੱਕ ਤਾਂ ਇਸ ਹਲਕੇ ਨਾਲ ਸਬੰਧਤ ਹੋਣ ਦਾ ਫ਼ਾਈਦਾ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਮਿਲ ਸਕਦਾ ਹੈ ਜਾਂ ਫ਼ਿਰ ਸਿਆਸਤ ਦੇ ਮਾਹਰ ਮੰਨੇ ਜਾਂਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ‘ਚੋਣ ਮੈਨੇਜਮੈਂਟ’ ਦੀ ਇਹ ਕਰਾਮਾਤ ਹੋ ਸਕਦੀ ਹੈ। ਉਜ ਝਾੜੂ ਦੇ ਪ੍ਰਭਾਵ ਵਾਲੇ ਇਲਾਕੇ ਮੰਨੇ ਜਾਂਦੇ ਆਦਰਸ਼ ਨਗਰ, ਭਾਈ ਮਤੀ ਦਾਸ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਹਜੂਰਾ-ਕਪੂਰਾ ਕਲੌਨੀ ਤੇ ਅਕਾਲੀ ਦਲ ਦੇ ਪ੍ਰਭਾਵ ਵਾਲੇ ਕਈ ਇਲਾਕਿਆਂ ਵਿਚ ਵੀ ਰਿਕਾਰਡ ਤੋੜ ਵੋਟਿੰਗ ਹੋਈ ਹੈ। ਇਸੇ ਤਰ੍ਹਾਂ ਸ਼ਹਿਰ ਦੇ ਅੰਦਰੂਨੀ ਹਿੱਸਿਆ ਗੁਰੂ ਨਾਨਕ ਪੁਰਾ ਮੁਹੱਲਾ ਤੇ ਪੂਜਾ ਵਾਲਾ ਮੁਹੱਲਾ ਵਿਚ ਵੀ ਬਹੁਤ ਜਿਆਦਾ ਵੋਟਿੰਗ ਹੋਈ ਹੈ। ਇਸ ਮੁਹੱਲੇ ਦੇ ਬੂਥ ਨੰਬਰ 121 ਵਿਚ 78.39 ਫ਼ੀਸਦੀ ਤੇ 122 ਵਿਚ 75 ਫ਼ੀਸਦੀ ਤੋਂ ਵੱਧ ਵੋਟ ਪਈ ਹੈ। ਇਸ ਹਲਕੇ ’ਤੇ ਵੀ ਤਿੰਨਾਂ ਹੀ ਪ੍ਰਮੁੱਖ ਪਾਰਟੀਆਂ ਦੇ ਸਮਰਥਕ ਆਪੋ-ਅਪਣਾ ਜਿਆਦਾ ਪ੍ਰਭਾਵ ਹੋਣ ਦਾ ਦਾਅਵਾ ਜਤਾ ਰਹੇ ਹਨ। ਜਿਕਰਯੋਗ ਹੈ ਕਿ ਵਿਰੋਧੀ ਧਿਰਾਂ ਨੇ ਚੋਣਾਂ ਵਾਲੇ ਦਿਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਖੁੱਲੇ ਤੌਰ ’ਤੇ ਪੈਸੇ ਦੇ ਵਰਤਾਅ ਦੇ ਦੋਸ਼ ਲਗਾਏ ਸਨ ਪ੍ਰੰਤੂ ਰਿਕਾਰਡ ’ਤੇ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਸੀ।
ਬਠਿੰਡਾ ਦੇ ਲਾਈਨੋਪਾਰ ਇਲਾਕੇ ’ਚ ਹੋਈ ‘ਬੰਪਰ ਵੋਟ’ ਕਿਸਦੀ ਬਦਲੇਗੀ ਕਿਸਮਤ !
7 Views