ਜ਼ਿਲ੍ਹੇ ’ਚ ਹਰ ਨਾਗਰਿਕ ਨੂੰ ਮਿਲੇਗੀ ਉਚ ਸਿਹਤ ਸਹੂਲਤ: ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ: ਆਗਾਮੀ 15 ਅਗੱਸਤ ਨੂੰ 75ਵੇਂ ਸੁਤੰਤਰਤਾ ਦਿਵਸ ਮੌਕੇ ਸੂਬੇ ਦੀ ਆਪ ਸਰਕਾਰ ਵਲੋਂ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਮੁਹੱਲਾ ਕਲੀਨਿਾਂ ਦਾ ਜਾਇਜ਼ਾ ਲੈਣ ਲਈ ਅੱਜ ਬਠਿੰਡਾ ਦੇ ਸਿਵਲ ਸਰਜ਼ਨ ਡਾ ਤੇਜਵੰਤ ਸਿੰੰਘ ਢਿੱਲੋਂ ਨੇ ਮੌਕੇ ’ਤੇ ਜਾ ਕੇ ਸਮੂਹ ਕਲੀਨਿਕਾਂ ਦਾ ਮੁਆਇੰਨਾ ਕੀਤਾ। ਉਨ੍ਹਾਂ ਦਸਿਆ ਕਿ ਪਹਿਲੇ ਪੜਾਅ ਵਿੱਚ ਜ਼ਿਲ੍ਹੇ ’ਚ ਅੱਧੀ ਦਰਜ਼ਨ ਆਮ ਆਦਮੀ ਕਲੀਨਿਕ ਬਣ ਰਹੇ ਹਨ, ਜੋ 15 ਅਗਸਤ ਨੂੰ ਚਾਲੂ ਹੋ ਜਾਣਗੇ। ਇੰਨ੍ਹਾਂ ਕਲੀਨਿਕਾਂ ’ਚ ਬਠਿੰਡਾ ਸਬ ਡਿਵੀਜ਼ਨ ਅਧੀਨ ਉਧਮ ਸਿੰਘ ਨਗਰ ਤੇ ਖੇਤਾ ਸਿੰਘ ਬਸਤੀ ਤੋਂ ਇਲਾਵਾ ਤਲਵੰਡੀ ਸਾਬੋ ਸਬ ਡਿਵੀਜ਼ਨ ਵਿਚ ਪੈਂਦੇ ਕੋਟਫੱਤਾ, ਰਾਮਾ, ਤਲਵੰਡੀ ਸਾਬੋ ਅਤੇ ਮੋੜ ਵਿਚ ਇਹ ਕਲੀਨਿਕ ਖੁੱਲ ਰਹੇ ਹਨ। ਡਾ ਢਿੱਲੋਂ ਨੇ ਅੱਗੇ ਦਸਿਆ ਕਿ ਇਹ ਕਲੀਨਿਕ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰਨਗੇ। ਇੰਨ੍ਹਾਂ ਕਲੀਨਿਕਾਂ ਵਿੱਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਮਰੀਜ਼ਾਂ ਦੇ ਇਲਾਜ ਤੇ ਬਿਮਾਰੀਆਂ ਦਾ ਪਤਾ ਲਾਉਣ ਲਈ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰਾਂ ਸਣੇ ਸਟਾਫ਼ ਦੇ 4-5 ਵਿਅਕਤੀ ਹੋਣਗੇ। ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਤਕਰੀਬਨ 100 ਕਲੀਨਿਕਲ ਟੈਸਟਾਂ ਨਾਲ 41 ਪੈਕੇਜ਼ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ। ਉਨ੍ਹਾਂ ਦਸਿਆ ਕਿ ਇੱਕ ਨੂੰ ਛੱਡ ਬਾਕੀ ਮੁਹੱਲਾ ਕਲੀਨਿਕ ਬੰਦ ਪਏ ਸੇਵਾ ਕੇਂਦਰਾਂ ਵਿਚ ਖੋਲੇ ਜਾ ਰਹੇ ਹਨ, ਜਿਨ੍ਹਾਂ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਦੇ ਨਾਲ-ਨਾਲ ਸਟਾਫ਼ ਤੇ ਮਰੀਜ਼ਾਂ ਲਈ ਵੱਖਰੇ ਪਖਾਨਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਹੋਣਗੀਆਂ। ਉਨ੍ਹਾਂ ਦਸਿਆ ਕਿ ਕਲੀਨਿਕ ਲੋਕਾਂ ਨੂੰ ਦਵਾਈਆਂ ਤੇ ਬਿਮਾਰੀਆਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਵਿੱਚ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਅੱਗੇ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ। ਡਾ ਢਿੱਲੋਂ ਨੇ ਦਸਿਆ ਕਿ ਮੁਹੱਲਾ ਕਲੀਨਿਕ 30 ਜੁਲਾਈ ਤੱਕ ਕੰਪਲੀਟ ਹੋ ਜਾਣਗੇ, ਜਿਸਤੋਂ ਬਾਅਦ ਇੰਨ੍ਹਾਂ ਵਿਚ ਮੈਡੀਕਲ ਸਹੂਲਤਾਂ ਸਬੰਧੀ ਸਾਜੋ-ਸਮਾਨ ਲਿਆਂਦਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡਾ ਮਨੀਸ਼ ਗੁਪਤਾ, ਡਾ ਜਗਰੂਪ ਸਿੰਘ, ਡਾ ਗੁਰਜੀਤ ਸਿੰਘ ਆਦਿ ਹਾਜ਼ਰ ਰਹੇ।
Share the post "ਬਠਿੰਡਾ ਦੇ ਸਿਵਲ ਸਰਜਨ ਡਾ ਤੇਜਵੰਤ ਢਿੱਲੋਂ ਨੇ ਜ਼ਿਲ੍ਹੇ ਵਿਚ ਨਵੇਂ ਖੁੱਲਣ ਵਾਲੇ ਮੁਹੱਲਾ ਕਲੀਨਿਕਾਂ ਦਾ ਲਿਆ ਜਾਇਜ਼ਾ"