ਸੀਨੀਅਰ ਕੋਂਸਲਰ ਦੀ ਵੀਡੀਓ ਹੋਈ ਵਾਈਰਲ
ਸੁਖਜਿੰਦਰ ਮਾਨ
ਬਠਿੰਡਾ, 27 ਮਾਰਚ: ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ ਮਿਲੀ ‘ਕਰਾਰੀ’ ਹਾਰ ਵਿਚ ਵੱਡਾ ਕਾਰਨ ਮੰਨੇ ਜਾਂਦੇ ਨਗਰ ਨਿਗਮ ਦੇ ਮੇਅਰਸ਼ਿਪ ਦੀ ਚੋਣ ਦਾ ਮੁੱਦਾ ਹੁਣ ਮੁੜ ਉਠ ਖ਼ੜਾ ਹੋਇਆ ਹੈ। ਅੱਜ ਸ਼ਹਿਰ ਦੇ ਟਕਸਾਲੀ ਕਾਂਗਰਸੀ ਤੇ ਸੀਨੀਅਰ ਕੋਂਸਲਰ ਬਲਰਾਜ ਸਿੰਘ ਪੱਕਾ ਦੀ ਇੱਕ ਵੀਡੀਓ ਵਾਈਰਲ ਹੋਈ ਹੈ, ਜਿਸ ਵਿਚ ਉਨ੍ਹਾਂ ਸਪੱਸ਼ਟ ਤੌਰ ’ਤੇ ਹਾਈਕਮਾਂਡ ਕੋਲ ਟਕਸਾਲੀ ਕਾਂਗਰਸੀਆਂ ਵਿਚੋਂ ਕਿਸੇ ਨੂੰ ਮੇਅਰ ਬਣਾਉਣ ਦੀ ਮੰਗ ਰੱਖੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਮੇਅਰ ਨੂੰ ਬਦਲਣ ਦੇ ਪਿੱਛੇ ਇਕੱਲੇ ਕੋਂਸਲਰ ਬਲਰਾਜ ਪੱਕਾ ਹੀ ਨਹੀਂ, ਬਲਕਿ ਡੇਢ ਦਰਜ਼ਨ ਦੇ ਕਰੀਬ ਕਾਂਗਰਸੀ ਕੋਂਸਲਰ ਇਕਜੁਟ ਹੋ ਗਏ ਹਨ ਜਦੋਂਕਿ ਅਕਾਲੀ ਪਿਛੋਕੜ ਵਾਲੇ ਕੁੱਝ ਕਾਂਗਰਸੀ ਕੋਂਸਲਰ ਹਾਲੇ ਜਕੋ-ਤਕੀ ਵਿਚ ਹਨ। ਸੁੂਤਰਾਂ ਮੁਤਾਬਕ ਇਸ ਮਾਮਲੇ ਵਿਚ ਜਿਆਦਾਤਰ ਕਾਂਗਰਸੀ ਕੋਂਸਲਰ ਸ਼ਹਿਰ ਦੇ ਟਕਸਾਲੀ ਆਗੂ ਅਸੋਕ ਪ੍ਰਧਾਨ ਦੇ ਲੜ ਲੱਗਦੇ ਜਾ ਰਹੇ ਹਨ, ਜਿੰਨ੍ਹਾਂ ਨੂੰ ਸਭ ਤੋਂ ਸੀਨੀਅਰ ਹੋਣ ਦੇ ਬਾਵਜੂਦ ਨਗਰ ਨਿਗਮ ਵਿਚ ਦੋ ਨੰਬਰ ‘ਰੈਂਕ’ ਉਪਰ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੂੁਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸ਼੍ਰੀ ਪ੍ਰਧਾਨ ਨੇ ਵੀ ਅਪਣੇ ਨਜਦੀਕੀ ਕੋਂਸਲਰਾਂ ਨੂੰ ਅੱਗੇ ਵਧਣ ਲਈ ਹਰ ਝੰਡੀ ਦੇ ਦਿੱਤੀ ਹੈ। ਉਸਦੇ ਇੱਕ ਸਾਥੀ ਨੌਜਵਾਨ ਕੋਂਸਲਰ ਦੀ ਸ਼ਹਿਰ ਦੇ ਇੱਕ ਚਰਚਿਤ ਥਾਣੇਦਾਰ ਵਲੋਂ ਥਾਣੇ ਅੰਦਰ ਕੀਤੀ ‘ਬੇਇੱਜਤੀ’ ਹੁਣ ਮੁੜ ਉਸਦੇ ਟੀਸ ਬਣਕੇ ਉਭਰਨ ਲੱਗੀ ਹੈ। ਇਸੇ ਤਰ੍ਹਾਂ ਹੁਣ ਨਿਗਮ ਦੇ ਵੱਖ ਵੱਖ ਦਫ਼ਤਰਾਂ ’ਚ ਕਾਂਗਰਸੀ ਸਰਕਾਰ ਦੌਰਾਨ ਅਸੋਕ ਪ੍ਰਧਾਨ ਵਰਗੇ ਸੀਨੀਅਰ ਆਗੂ ਦੇ ਪੁੱਤਰਾਂ ਵਿਰੁਧ ਦਰਜ਼ ਹੋਏ ਪਰਚੇ ਤੇ ਲਾਈਨੋਪਾਰ ਦੇ ਇੱਕ ਕੋਂਸਲਰ ਦੇ ਨਾਲ ਇੱਕ ਕੋਰੀਅਰ ਕੰਪਨੀ ਵਲੋਂ ਕੀਤੀ ਧੱਕੇਸ਼ਾਹੀ ਵਿਚ ਇੱਕ ਥਾਣੇਦਾਰ ਵਲੋਂ ਕੀਤੇ ਨਿਰਾਦਰ ਦੀਆਂ ਗੱਲ ਆਮ ਸੁਣਾਈ ਦੇਣ ਲੱਗੀਆਂ ਹਨ। ਹਾਲਾਂਕਿ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਇਸ ਮੁੱਦੇ ’ਤੇ ਸਾਬਕਾ ਵਿਤ ਮੰਤਰੀ ਦੀ ਹਾਂ ਵਿਚ ਹਾਂ ਮਿਲਾਉਣ ਨੂੰ ਹੀ ਤਰਜ਼ੀਹ ਦੇ ਰਹੇ ਹਨ। ਜਦੋਂਕਿ ਸ਼ਹਿਰ ਦੇ ਦੋਨੋਂ ਬਲਾਕ ਪ੍ਰਧਾਨ ਵੀ ਅਪਣੇ ਸਾਥੀ ਟਕਸਾਲੀ ਕਾਂਗਰਸੀਆਂ ਨਾਲ ਇਕਜੁਟ ਹੋ ਗਏ ਹਨ। ਵੱਡੀ ਗੱਲ ਇਹ ਵੀ ਹੈ ਕਿ ਹੁਣ ਬਠਿੰਡਾ ਸ਼ਹਿਰ ਦਾ ਵਿਧਾਇਕ ਜਗਰੂਪ ਸਿੰਘ ਗਿੱਲ ਬਣਿਆ ਹੈ, ਜਿਸਨੂੰ ਬਠਿੰਡਾ ਨਗਰ ਨਿਗਮ ਦੀ ‘ਦਾਈ’ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹ ਬਤੌਰ ਕੋਂਸਲਰ ਪਿਛਲੇ 40 ਸਾਲਾਂ ਤੋਂ ਇਸਦੇ ਨਾਲ ਜੁੜੇ ਹੋਏ ਚੱਲੇ ਆ ਰਹੇ ਹਨ। ਜਿਸਦੇ ਚੱਲਦੇ ਪਿਛਲੇ ਪੰਜ ਸਾਲਾਂ ਵਿਚ ਨਿਗਮ ਦੇ ਕੁੱਝ ਅਫ਼ਸਰਾਂ ਵਲੋਂ ਸਿਆਸੀ ਆਗੂਆਂ ਨਾਲ ਮਿਲਕੇ ਚਲਾਈਆਂ ‘ਚੰਮ’ ਦੀਆਂ ਹੁਣ ਆਉਣ ਵਾਲੇ ਸਮੇਂ ਵਿਚ ਇੰਨ੍ਹਾਂ ਅਫਸਰਾਂ ਤੇ ਆਗੂਆਂ ਲਈ ਮੁਸ਼ਕਿਲਾਂ ਬਣਕੇ ਖੜਦੀਆਂ ਦਿਖਾਈ ਦੇ ਰਹੀਆਂ ਹਨ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕੁੱਝ ਕੋਂਸਲਰਾਂ ਤੇ ਮੁਲਾਜਮਾਂ ਵਲੋਂ ਸ਼ਹਿਰ ਵਿਚ ਪਿਛਲੇ ਸਮੇਂ ਦੌਰਾਨ ਬਣੀਆਂ ਨਜਾਇਜ਼ ਇਮਾਰਤਾਂ ਅਤੇ ਘੋੜੇ ਵਾਲਾ ਚੌਕ ’ਚ ਨਿਗਮ ਦੇ ਇੱਕ ਅਹੁੱਦੇਦਾਰ ਤੇ ਇੱਕ ਥਾਣੇਦਾਰ ਦੀ ਸ਼ਹਿ ’ਤੇ ਦੋ ਕੀਮਤੀ ਪਲਾਟਾਂ ’ਤੇ ਹੋਏ ‘ਵੱਡੇ ਗੋਲਮਾਲ’ ਦੇ ਦਸਤਾਵੇਜ਼ ਵੀ ਇਕੱਤਰ ਕੀਤੇ ਜਾ ਰਹੇ ਹਨ। ਉਧਰ ਜਾਰੀ ਵੀਡੀਓ ਵਿਚ ਬਲਰਾਜ ਪੱਕਾ ਨੇ ਹਾਈਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਬਠਿੰਡਾ ਸ਼ਹਿਰ ਪਿਛਲੇ ਇੱਕ ਸਾਲ ਤੋਂ ਮੇਅਰ ਤੋਂ ਲਵਾਰਿਸ ਹੀ ਜਾਪ ਰਿਹਾ ਹੈ, ਕਿਉਂਕਿ ਅਸੋਕ ਪ੍ਰਧਾਨ ਹੀ ਕੰਮ ਨੂੰ ਸੰਭਾਲ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੇਅਰ ਦੇ ਤਾਂ ਕਾਂਗਰਸੀ ਕੋਂਸਲਰਾਂ ਨੂੰ ਵੀ ਦਰਸ਼ਨ ਨਹੀਂ ਹੁੰਦੇ ਤੇ ਆਮ ਲੋਕਾਂ ਦਾ ਤਾਂ ਰੱਬ ਹੀ ਰਾਖ਼ਾ ਹੈ। ਸ: ਪੱਕਾ ਨੇ ਸਪੱਸ਼ਟ ਕੀਤਾ ਕਿ ਉਹ ਇਸ ਮੁੱਦੇ ’ਤੇ ਪਹਿਲੇ ਹੀ ਦਿਨ ਤੋਂ ਸਟੈਂਡ ’ਤੇ ਖੜੇ ਹਨ ਕਿ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਗਲਤ ਹੋਈ ਹੈ, ਜਿਸ ਨਾਲ ਕਾਂਗਰਸੀ ਵਰਕਰਾਂ ਵਿਚ ਵੱਡੀ ਨਮੋਸ਼ੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਾਂਗਰਸ ਦੀ ਫ਼ਜੀਹਤ ਹੋਣ ਤੋਂ ਬਚਾਉਣ ਲਈ ਕਿਸੇ ਟਕਸਾਲੀ ਕਾਂਗਰਸੀ ਆਗੂ ਨੂੰ ਮੇਅਰ ਬਣਾਉਣਾ ਬਹੁਤ ਜਰੂਰੀ ਹੈ। ਇਸੇ ਤਰ੍ਹਾਂ ਬਲਾਕ ਕਾਂਗਰਸ ਦੇ ਪ੍ਰਧਾਨ ਤੇ ਕਈ ਪੀੜੀਆਂ ਤੋਂ ਟਕਸਾਲੀ ਕਾਂਗਰਸੀ ਆਗੂ ਬਲਜਿੰਦਰ ਸਿੰਘ ਠੇਕੇਦਾਰ ਨੇ ਵੀ ਬਲਰਾਜ ਪੱਕਾ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ ਕਿ ‘‘ ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਨੂੰ ਸਪੱਸ਼ਟ ਤੌਰ ’ਤੇ ਦੱਸ ਦਿੱਤਾ ਹੈ ਕਿ ਪਿਛਲੇ ਸਮੇਂ ਦੌਰਾਨ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਅਸੀਂ ਭੁਗਤ ਲਿਆ ਹੈ ਪ੍ਰੰਤੂ ਹੁਣ ਸਮਾਂ ਹੈ ਕਿ ਇੰਨ੍ਹਾਂ ਗਲਤੀਆਂ ਨੂੰ ਸੁਧਾਰਿਆ ਜਾਵੇ। ’’ ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਵੀ ਮੰਨਿਆ ਕਿ ਇਸ ਮੁੱਦੇ ’ਤੇ ਕਾਂਗਰਸੀ ਕੋਂਸਲਰਾਂ ਵਿਚ ਹਲਚਲ ਹੈ ਤੇ ਆਉਣ ਵਾਲੇ ਦਿਨਾਂ ’ਚ ਚਰਚਾ ਕੀਤੀ ਜਾਵੇਗੀ।
ਬਠਿੰਡਾ ਦੇ ਕਾਂਗਰਸੀਆਂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਚੁਣੇ ਜਾਣ ਦਾ ਇੰਤਜਾਰ
ਬਠਿੰਡਾ: ਦੱਬੀ ਜੁਬਾਨ ਵਿਚ ਕੁੱਝ ਕਾਂਗਰਸੀ ਆਗੂਆਂ ਨੇ ਦਸਿਆ ਕਿ ਜਿਆਦਾਤਰ ਆਗੂੁ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਚੁਣੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ, ਜਿਸਤੋਂ ਬਾਅਦ ਸਪੱਸ਼ਟ ਤੌਰ ’ਤੇ ਮਨਪ੍ਰੀਤ ਬਾਦਲ ਦੀ ਥਾਂ ਬਠਿੰਡਾ ਸ਼ਹਿਰੀ ਹਲਕੇ ਦੀ ਕਮਾਂਡ ਕਿਸੇ ਹੋਰ ਆਗੂ ਨੂੰ ਸੋਂਪਣ ਦੀ ਮੰਗ ਕੀਤੀ ਜਾਵੇਗੀ ਤੇ ਨਾਲ ਹੀ ਸਾਬਕਾ ਵਿਤ ਮੰਤਰੀ ਉਪਰ ਅਪਣੇ ਪ੍ਰਵਾਰ ਨਾਲ ਮਿਲੇ ਹੋਣ ਦੇ ਲੱਗੇ ਦੋਸ਼ਾਂ ਨੂੰ ਗਲਤ ਸਾਬਤ ਕਰਨ ਲਈ ਉਨ੍ਹਾਂ ਨੂੰ ਬਠਿੰਡਾ ਦੀ ਬਜਾਏ ਅਪਣੇ ਪ੍ਰਵਾਰਕ ਹਲਕੇ ਲੰਬੀ ਨੂੰ ਅਪਣੀ ਕ੍ਰਮਭੂੁਮੀ ਬਣਾਉਣ ਲਈ ਕਿਹਾ ਜਾਵੇਗਾ। ਇਹ ਵੀ ਪਤਾ ਚੱਲਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਮਨਪ੍ਰੀਤ ਸਿੰਘ ਬਾਦਲ ਨਾਲ ਪ੍ਰਛਾਵੇਂ ਵਾਂਗ ਰਿਹਾ ਇੱਕ ਆਗੂ ਹੁਣ ਕਾਂਗਰਸ ਪਾਰਟੀ ਵਿਚ ਅਪਣੀ ਸੀਨੀਅਰਤਾ ਦੇ ਚੱਲਦੇ ਮੇਅਰ ਨੂੰ ਬਦਲਣ ਵਾਸਤੇ ਅੰਦਰਖ਼ਾਤੇ ਕਾਂਗਰਸੀ ਕੋਂਸਲਰਾਂ ਨਾਲ ਮੀਟਿੰਗ ਕਰ ਰਿਹਾ ਹੈ। ਇਸਤੋਂ ਇਲਾਵਾ ਇੱਕ ਸਾਬਕਾ ਚੇਅਰਮੈਨ ਵਲੋਂ ਤਾਂ ਖੁੱਲ ਕੇ ਬਠਿੰਡਾ ਸ਼ਹਿਰ ’ਚ ਕਾਂਗਰਸ ਨੂੰ ਜਿੰਦਾ ਰੱਖਣ ਲਈ ਟਕਸਾਲੀ ਕਾਂਗਰਸੀਆਂ ਨੂੰ ਅੱਗੇ ਲਿਆਉਣ ਦੀ ਵਕਾਲਤ ਕੀਤੀ ਜਾ ਰਹੀ ਹੈ ਜਦੋਂਕਿ ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਪਿਛਲੇ ਸਮੇਂ ਦੌਰਾਨ ਟਿਕਟ ਦੀ ਝਾਕ ਵਿਚ ਰਹੇ ਇੱਕ ਹੋਰ ਨੌਜਵਾਨ ਕਾਂਗਰਸੀ ਆਗੂ ਦੀ ਪਿਛਲੇ ਦਿਨਾਂ ਵਿਚ ਰਾਜਾ ਵੜਿੰਗ ਨਾਲ ਮੀਟਿੰਗ ਹੋਈ ਹੈ, ਜਿਸ ਵਿਚ ਬਠਿੰਡਾ ਸ਼ਹਿਰੀ ਹਲਕੇ ਵਿਚ ਕਾਂਗਰਸ ਦੀ ਸਥਿਤੀ ਬਾਰੇ ਚਰਚਾ ਕੀਤੀ ਗਈ ਹੈ।