ਕੇਂਦਰ ਦੀ ਦਖਲਅੰਦਾਜ਼ੀ ਦੇ ਚੱਲਦਿਆਂ ਪੁਲ ਦਾ ਕੰਮ ਰੁਕਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 06 ਸਤੰਬਰ : ਸਥਾਨਕ ਬਰਨਾਲਾ ਬਾਈਪਾਸ ’ਤੇ ਭੱਟੀ ਰੋਡ ਅਤੇ ਗਰੀਨ ਪੈਲੇਸ ਕਰਾਸਿਗ ਉੱਤੇ ਬਣਾਏ ਜਾ ਰਹੇ ਦੀਵਾਰਾਂ ਵਾਲੇ ਓਵਰਬਰਿਜ ਦਾ ਮਾਮਲਾ ਹੁਣ ਕੇਂਦਰ ਸਰਕਾਰ ਦੇ ਪਾਲੇ ਵਿਚ ਪੁੱਜ ਗਿਆ ਹੈ। ਕੇਂਦਰ ਸਰਕਾਰ ਦੇ ਫੰਡਾਂ ਨਾਲ ਬਣਨ ਵਾਲੇ ਇਸ ਓਵਰਬਿ੍ਰਜ ਦੇ ਵਿਵਾਦਾਂ ’ਚ ਆਉਣ ਦੇ ਚੱਲਦਿਆਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਪੁਲ ਦੇ ਚੱਲ ਰਹੇ ਕੰਮ ਉਪਰ ਰੋਕ ਲੱਗ ਸਕਦੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕੇਂਦਰੀ ਮੰਤਰੀ ਨਿਤਨ ਗਡਗਰੀ ਨੇ ਭਲਕੇ ਇਸ ਸਬੰਧ ਵਿਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ। ਸ਼ਹਿਰੀਆਂ ਦੇ ਇਲਾਵਾ ਅਕਾਲੀ-ਭਾਜਪਾ ਦੇ ਆਗੂਆਂ ਵਲੋਂ ਇਸ ਪੁਲ ਨੂੰ ਦੋਹਾਂ ਪਾਸਿਆਂ ਤੋਂ ਮਿੱਟੀ ਨਾਲ ਭਰ ਕੇ ਦੀਵਾਰਾਂ ਵਾਲਾ ਬਣਾਉਣ ਦੀ ਥਾਂ ਪਿੱਲਰਾਂ ਵਾਲਾ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇੰਨ੍ਹਾਂ ਦਾ ਦਾਅਵਾ ਹੈ ਕਿ ਅਜਿਹਾ ਹੋਣ ਨਾਲ ਸ਼ਹਿਰ ਦੋ ਭਾਗਾਂ ਵਿਚ ਵੰਡਿਆਂ ਜਾਵੇਗਾ ਤੇ ਪੁਲ ਦੇ ਥੱਲੇ ਕੰਧਾਂ ਨਾਲ ਨਿਕਲਣ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵਧ ਜਾਵੇਗਾ। ਇਸ ਓਵਰਬਿ੍ਰਜ ਦੇ ਨਿਰਮਾਣ ਨੂੰ ਇਸਤੋਂ ਪਹਿਲਾਂ ਅਕਾਲੀ ਤੇ ਕਾਂਗਰਸੀ ਆਪਸ ਵਿਚ ਆਹਮੋ-ਸਾਹਮਣੇ ਵੀ ਹੋ ਚੁੱਕੇ ਹਨ। ਉਧਰ ਅੱਜ ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਦੀ ਅਗਵਾਈ ਹੇਠ ਇੱਕ ਵਫ਼ਦ ਕੇਂਦਰੀ ਮੰਤਰੀ ਨਿਤਨ ਗਡਗਰੀ ਨੂੰ ਵੀ ਮਿਲਿਆ ਹੈ। ਇਸ ਵਫ਼ਦ ਨੇ ਕੇਂਦਰੀ ਮੰਤਰੀ ਕੋਲ ਮਿੱਟੀ ਭਰਾਈ ਨਾਲ ਬਣਨ ਵਾਲੇ ਪੁਲ ਨਾਲ ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਸਮੱਸਿਆਵਾਂ ਆਉਣ ਦਾ ਦਾਅਵਾ ਕਰਦਿਆਂ ਇਸਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਵਫ਼ਦ ਵਿਚ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਅਤੇ ਹੋਰ ਆਗੂ ਵੀ ਹਾਜ਼ਰ ਸਨ। ਚਰਚਾ ਮੁਤਾਬਕ ਕੇਂਦਰ ਸਰਕਾਰ ਸਿਆਸੀ ਪਾਰਟੀਆਂ ਦੀ ਆਪਸੀ ਖਿੱਚੋਤਾਣ ਨੂੰ ਦੇਖਦਿਆਂ ਇਸ ਪੁਲ ਨੂੰ ਬਣਾਉਣ ਦਾ ਕੰਮ ਪਿੱਛੇ ਵੀ ਪਾ ਸਕਦੀ ਹੈ ਤੇ ਇਸ ਦੀ ਥਾਂ ਕੋਈ ਹੋਰ ਬਦਲ ਵੀ ਸੋਚ ਸਕਦੀ ਹੈ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਇਸ ਓਵਰਬਿ੍ਰਜ ਦਾ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨੀਂਹ ਪੱਥਰ ਰੱਖਿਆ ਸੀ। ਜਿਸਤੋਂ ਬਾਅਦ ਇਹ ਵਿਵਾਦ ਭਖ ਗਿਆ ਹੈ। ਇਸ ਮਾਮਲੇ ਵਿਚ ਪਹਿਲਾਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਧਰਨਾ ਵੀ ਦਿੱਤਾ ਸੀ। ਜਿਸਤੋਂ ਬਾਅਦ ਭਾਜਪਾ ਆਗੂ ਐਡਵੋਕੇਟ ਅਸੋੋਕ ਭਾਰਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਵੀ ਲਿਖਿਆ ਸੀ। ਹੁਣ ਦੇਖਣਾ ਇਹ ਹੈ ਕਿ ਚੋਣਾਂ ਦੇ ਇਸ ਮੌਸਮ ਵਿਚ ਕੇਂਦਰ ਕਿਸ ਕਰਵਟ ਫੈਸਲਾ ਲੈਂਦਾ ਹੈ।