ਸੁਖਜਿੰਦਰ ਮਾਨ
ਬਠਿੰਡਾ, 30 ਅਪ੍ਰੈਲ : ਬਠਿੰਡਾ ਸ਼ਹਿਰ ਦੇ ਫੁੱਟਪਾਥਾਂ, ਸੜਕਾਂ ਅਤੇ ਗਲੀਆਂ ਆਦਿ ’ਤੇ ਦੁਕਾਨਦਾਰਾਂ ਅਤੇ ਘਰਾਂ ਦੇ ਮਾਲਕਾਂ ਵੱਲੋਂ ਨਾਜਾਇਜ਼ ਕਬਜ਼ਿਆਂ ਦਾ ਰਿਵਾਜ਼ ਹੁਣ ਆਮ ਗੱਲ ਹੋ ਗਈ ਹੈ। ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਜੇਕਰ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਤੇ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤੁਰਨ ਤੇ ਵਹੀਕਲ ਪਾਰਕਿੰਗ ਲਈ ਛੱਡੀ ਜਗ੍ਹਾਂ ਉਪਰ ਦੁਕਾਨਦਾਰਾਂ ਦਾ ਸਮਾਨ ਦੇਖਣ ਨੂੰ ਆਮ ਮਿਲਦਾ ਹੈ। ਜਦੋਂਕਿ ਮਾਡਲ ਟਾਊਨ ਵਰਗੇ ਪਾਸ਼ ਰਿਹਾਇਸ਼ੀ ਇਲਾਕਿਆਂ ’ਚ ਇੰਨ੍ਹਾਂ ਰਾਸਤਿਆਂ ਉਪਰ ਨਿੱਜੀ ਪਾਰਕ ਦੇਖੇ ਜਾ ਸਕਦੇ ਹਨ। ਜੇਕਰ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਧੋਬੀ ਬਾਜ਼ਾਰ, ਮਿੱਡੂ ਮੱਲ ਵਾਲੀ ਗਲੀ, ਕੀਕਰ ਬਾਜ਼ਾਰ, ਬੈਂਕ ਬਾਜ਼ਾਰ, ਆਰੀਆ ਸਮਾਜ ਚੌਕ, ਮਹਿਣਾ ਚੌਕ, ਕੋਰਟ ਰੋਡ, ਸਿਰਕੀ ਬਾਜ਼ਾਰ, ਸਦਰ ਬਾਜ਼ਾਰ ਤੋਂ ਇਲਾਵਾ ਸ਼ਹਿਰ ਵਿਚੋਂ ਗੁਜਰਦੀ ਕੌਮੀ ਮਾਰਗ ਉਪਰ ਵੀ ਫੁੱਟਪਾਥਾਂ ’ਤੇ ਦੁਕਾਨਦਾਰ ਕਾਬਜ਼ ਹੋਏ ਦਿਖ਼ਾਈ ਦਿੰਦੇ ਹਨ। ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਸੜਕਾਂ ਦੇ ਵਿਚਕਾਰੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵੱਡੀ ਗੱਲ ਇਹ ਵੀ ਹੈ ਕਿ ਸ਼ਹਿਰ ਦੇ ਸਮਾਜ ਸੇਵੀਆਂ ਵਲੋਂ ਇਸ ਮੁੱਦੇ ’ਤੇ ਨਿਗਮ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਇਸਦੇ ਅਧਿਕਾਰੀਆਂ ਦੇ ਕੰਨਾਂ ਉਪਰ ਜੂੰਅ ਨਹੀਂ ਸਰਕ ਰਹੀ ਹੈ। ਦਸਣਾ ਬਣਦਾ ਹੈ ਕਿ ਜਿੱਥੇ ਇੱਕ ਪਾਸੇ ਕੁੱਝ ਦਿਨ ਪਹਿਲਾਂ ਨਗਰ ਨਿਗਮ ਵਲੋਂ ਪਾਰਕਿੰਗ ਦੀ ਜਗ੍ਹਾਂ ਬਣਾਉਣ ਲਈ ਮਾਲ ਰੋਡ ’ਤੇ ਦੁਕਾਨਾਂ ਦੇ ਬਾਹਰ ਬਣੇੇ ਰੈਂਪ ਤੋੜ ਦਿੱਤੇ ਗਏ ਸਨ, ਉੱਥੇ ਹੀ ਦੂਜੇ ਪਾਸੇ ਫੁੱਟਪਾਥਾਂ ’ਤੇ ਲਗਾਏ ਗਏ ਵੱਡੇ-ਵੱਡੇ ਜਨਰੇਟਰ ਸੈੱਟ ਨਗਰ ਨਿਗਮ ਨੂੰ ਨਜ਼ਰ ਨਹੀਂ ਆ ਰਹੇ ਹਨ ਅਤੇ ਨਾ ਹੀ ਕੋਈ ਕਾਰਵਾਈ ਹੋ ਰਹੀ ਹੈ। ਦਸਣਾ ਬਣਦਾ ਹੈ ਕਿ ਸ਼ਹਿਰ ਦੇ ਪ੍ਰਮੁੱਖ ਬਜਾਰਾਂ ’ਚ ਵੱਡੇ ਸੋਅਰੂਮਾਂ ਅਤੇ ਬੈਂਕਾਂ ਆਦਿ ਵਲੋਂ ਫੁੱਟਪਾਥਾਂ ’ਤੇ ਜਨਰੇਟਰ ਸੈੱਟ ਲਗਾਏ ਹੋਏ ਹਨ। ਨਿਗਮ ਦੀ ਲਾਪਰਵਾਹੀ ਤੇ ਅਣਗਹਿਲੀ ਕਾਰਨ ਅੱਜ ਦੇ ਸਮੇਂ ਵਿੱਚ ਬਠਿੰਡਾ ਸ਼ਹਿਰ ਦੀ ਸ਼ਾਇਦ ਹੀ ਕੋਈ ਗਲੀ, ਬਾਜ਼ਾਰ, ਸੜਕ ਅਜਿਹੀ ਹੋਵੇਗੀ ਜੋ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਹੋਵੇ। ਇਸ ਮਾਮਲੇ ਵਿਚ ਸਮਾਜ ਸੇਵੀ ਸੰਜੀਵ ਗੋਇਲ ਨੇ ਐਲਾਨ ਕੀਤਾ ਕਿ ਉਹ ਨਿਗਮ ਵਲੋਂ ਕਾਰਵਾਈ ਨਾ ਕਰਨ ‘ਤੇ ਹੁਣ ਉੱਚ ਅਧਿਕਾਰੀਆਂ ਕੋਲ ਸਿਕਾਇਤ ਕਰਨਗੇ।
Share the post "ਬਠਿੰਡਾ ਸ਼ਹਿਰ ਦੇ ਫੁੱਟਪਾਥਾਂ ’ਤੇ ਨਜਾਇਜ਼ ਕਬਜ਼ੇ ਹੁਣ ਆਮ ਗੱਲ ਹੋਈ, ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ"