ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ : ਸੂਬੇ ’ਚ ਚੱਲ ਰਹੀ ਬਰਸਾਤੀ ਮੌਸਮ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਂਗੁੂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜ਼ਿਲ੍ਹੇ ਦੇ ਕੁੱਝ ਦਿਹਾਤੀ ਖੇਤਰਾਂ ਵਿਚ ਡੇਂਗੂ ਦੇ ਕੇਸ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮਾਹੌਲ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਵੀ ਡੇਂਗੂ ਦੀ ਰੋਕਥਾਮ ਲਈ ਅਗਾੳਂੂ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਸਬੰਧ ਵਿਚ ਜਿੱਥੇ ਸਥਾਨਕ ਭਾਈ ਮਨੀ ਸਿੰਘ ਜ਼ਿਲ੍ਹਾ ਹਸਪਤਾਲ ਵਿਚ ਡੇਂਗੂ ਦਾ ਸਪੈਸਲ ਵਾਰਡ ਬਣਾਇਆ ਗਿਆ ਹੈ, ਉਥੇ ਬਲਾਕ ਪੱਧਰ ਦੇ ਹਸਪਤਾਲਾਂ ਵਿਚ ਵੀ ਅਜਿਹੇ ਵਾਰਡ ਤਿਆਰ ਕੀਤੇ ਗਏ ਹਨ। ਇਸਤੋਂ ਇਲਾਵਾ ਸਟਾਫ਼ ਦੀ ਡਿਊਟੀ ਵੀ ਲਗਾਈ ਜਾ ਰਹੀ ਹੈ। ਇਸਦੇ ਨਾਲ ਹੀ ਲੋਕਾਂ ਨੂੰ ਡੇਂਗੂ ਦੇ ਤਰੀਕਿਆਂ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ ਵੀ ਵਿੱਢੀ ਗਈ ਹੈ। ਇਸ ਸਬੰਧ ਵਿਚ ਅੱਜ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦਸਿਆ ਕਿ ਬੇਸ਼ੱਕ ਕੁੱਝ ਕੇਸ ਸਾਹਮਣੇ ਆਏ ਹਨ ਪ੍ਰੰਤੂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਨਗਰ ਨਿਗਮ ਨਾਲ ਮਿਲਕੇ ਵੀ ਯੋਜਨਾ ਉਲੀਕੀ ਗਈ ਹੈ ਤੇ ਨਿਗਮ ਨੂੰ ਫ਼ੋਗਿਗ ਕਰਨ ਲਈ ਕਿਹਾ ਗਿਆ ਹੈ ਤੇ ਸਿਹਤ ਵਿਭਾਗ ਵਲੋਂ ਲੋੜੀਦੇ ਥਾਵਾਂ ਉਪਰ ਸਪਰੇਹ ਕੀਤੀ ਜਾ ਰਹੀ ਹੈੇ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਭਰ ਦੇ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਲਈ ਸਪੈਸਲ ਵਾਰਡ ਬਣਾਕੇ 48 ਬੈਡ ਰਾਖਵੇਂ ਰੱਖੇ ਗਏ ਹਨ। ਉਧਰ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਜਿਲ੍ਹੇ ਦੇ ਮਾਈਕ੍ਰੋਬਾਇਲੋਜਿਸਟਾਂ, ਸਮੂਹ ਹੈਲਥ ਇੰਸਪੈਕਟਰਾਂ, ਲੈਬ ਟੈਕਨੀਸ਼ਨਾਂ ਅਤੇ ਮਲਟੀਪਰਪਜ ਹੈਲਥ ਵਰਕਰਾਂ ਦੀ ਡੇਂਗੂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਦਫ਼ਤਰ ਸਿਵਲ ਸਰਜਨ ਵਿਖੇ ਬੁਲਾਈ ਗਈ। ਮੀਟਿੰਗ ਦੌਰਾਨ ਡਾ ਗੋਇਨ ਨੇ ਹਿਦਾਇਤਾਂ ਦਿੱਤੀਆਂ ਕਿ ਬਰਸਾਤਾਂ ਦੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਡੇਂਗੂ ਵਿਰੋਧੀ ਅਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜੀ ਲਿਆਉਣ ਦੇ ਨਾਲ ਨਾਲ ਜਿੱਥੇ ਡੇਂਗੂ ਪਾਇਆ ਜਾਂਦਾ ਹੈ, ਉਥੇ ਉਸ ਖੇਤਰ ਦੇਆਲੇ ਦੁਆਲੇ ਦੇ ਘਰਾਂ ਵਿੱਚ ਡੇਂਗੂ ਦਾ ਲਾਰਵਾ ਅਤੇ ਮੱਛਰਾਂ ਨੂੰ ਖਤਮ ਕਰਨ ਦੇ ਜਲਦੀ ਉਪਰਾਲੇ ਕੀਤੇ ਜਾਣ। ਘਰ ਘਰ ਸਰਵੇ ਕਰਕੇ ਡੇਂਗੂ ਦਾ ਲਾਰਵੇ ਦੇ ਪੈਦਾ ਹੋਣ ਵਾਲੀਆਂ ਥਾਵਾਂ ਨੂੰ ਨਸ਼ਟ ਕੀਤਾ ਜਾਵੇ ਅਤੇ ਲੋੜ ਪੈਣ ਤੇ ਇੰਸੈਕਟੀਸਾਈਡ ਅਤੇ ਫੋਗਿੰਗ ਕੀਤੀ ਜਾਵੇ। ਬੁਖਾਰ ਵਾਲੇ ਮਰੀਜ਼ਾਂ ਨੂੰ ਪ੍ਰੇਰਿਤ ਕਰਕੇ ਸਿਹਤ ਸੰਸਥਾਵਾਂ ਵਿੱਚ ਡੇਂਗੂ ਦੇ ਟੈਸਟ ਕਰਵਾਏ ਜਾਣ । ਉਨ੍ਹਾਂ ਲੋਕਾਂ ਨੂੰ ਅਪਣੇ ਘਰਾਂ ਤੇ ਦਫ਼ਤਰਾਂ ਵਿੱਚ ਮੌਜੂਦ ਕੂਲਰਾਂ, ਫਰਿਜ਼ ਦੀ ਟਰੇਅ, ਪੰਛੀਆਂ ਲਈ ਰਖੇ ਪਾਣੀ ਦੇ ਕਟੋਰੇ, ਛੱਤਾਂ ਤੇ ਪਾਣੀ ਦੀ ਟੈਂਕੀਆਂ, ਪਸ਼ੂ ਦੇ ਪੀਣ ਵਾਲੀਆਂ ਟੈਂਕੀਆਂ, ਕਬਾੜ, ਟੁੱਟੇ ਘੜੇ ਆਦਿ ਦੀ ਸਫਾਈ ਕਰਨ ਦੀ ਵੀ ਅਪੀਲ ਕੀਤੀ ਹੈ। ਮੀਟਿੰਗ ਵਿਚ ਮੱਘਰ ਸਿੰਘ, ਹਰਵਿੰਦਰ ਸਿੰਘ, ਵਿਨੋਦ ਖੁਰਾਣਾ, ਜ਼ਸਵਿੰਦਰ ਸ਼ਰਮਾ, ਹਰਜੀਤ ਸਿੰਘ, ਨਿਰਦੇਵ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।
Share the post "ਬਰਸਾਤੀ ਮੌਸਮ ਤੋਂ ਬਾਅਦ ਡੇਂਗੂ ਦਾ ਪ੍ਰਕੋਪ ਵਧਣ ਦਾ ਖ਼ਤਰਾ, ਪ੍ਰਸ਼ਾਸਨ ਨੇ ਅਗਾਉਂ ਪ੍ਰਬੰਧਾਂ ਲਈ ਕੀਤੀਆਂ ਤਿਆਰੀਆਂ"