ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 11 ਜੁਲਾਈ : ਇੱਕ 45 ਸਾਲਾਂ ਔਰਤ ਨਾਲ ਕਥਿਤ ਬਲਾਤਕਾਰ ਦੇ ਦੋਸ਼ਾਂ ਹੇਠ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਹੋਰ ਕਥਿਤ ਦੋਸ਼ੀਆਂ ਪਰਮਜੀਤ ਸਿੰਘ ਪੰਮਾ, ਜਸਬੀਰ ਕੌਰ, ਬਲਜਿੰਦਰ ਕੌਰ, ਪਰਦੀਪ ਕੁਮਾਰ ਸਹਿਤ ਸਥਾਨਕ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਅਪਣੇ ਆਤਮ ਸਮਰਪਣ ਦੀ ਸੂਚਨਾ ਟਵੀਟ ਰਾਹੀਂ ਵੀ ਦਿੱਤੀ, ਜਿਸ ਵਿਚ ਉਨ੍ਹਾਂ ਮਾਣਯੋਗ ਅਦਾਲਤ ਚ ਭਰੋਸਾ ਜਤਾਇਆ ਹੈ। ਉਧਰ ਬੈਂਸ ਤੇ ਹੋਰਨਾਂ ਵਲੋਂ ਆਤਮ ਸਮਰਪਣ ਦਾ ਪਤਾ ਚੱਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਸਰਕਾਰੀ ਵਕੀਲਾਂ ਦੀਆਂ ਦਲੀਲਾਂ ’ਤੇ ਅਦਾਲਤ ਨੇ ਸਾਰਿਆਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਸਹਿਤ ਦੋ ਜਣਿਆਂ ਨੂੰ ਪਹਿਲਾਂ ਹੀ ਗਿ੍ਰਫਤਾਰ ਕਰ ਚੁੱਕੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਔਰਤ ਦੇ ਬਿਆਨਾਂ ਉਪਰ ਦੋਨਾਂ ਬੈਂਸ ਭਰਾਵਾਂ ਸਹਿਤ ਕੁੱਲ ਸੱਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕੀਤਾ ਸੀ। ਬੈਂਸ ਤੇ ਉਸਦੇ ਸਾਥੀਆਂ ਦੀਆਂ ਸੁਪਰੀਮ ਕੋਰਟ ਤੱਕ ਅਪੀਲਾਂ ਖ਼ਾਰਜ ਹੋਣ ਤੋਂ ਬਾਅਦ ਪੁਲਿਸ ਇੰਨ੍ਹਾਂ ਸਾਰਿਆਂ ਨੂੰ ਗਿ੍ਰਫਤਾਰੀ ਲਈ ਛਾਪੇਮਾਰੀ ਕਰ ਰਹੀ ਸੀ। ਜਿਸਦੇ ਚੱਲਦੇ ਪਿਛਲੇ ਕੁੱਝ ਦਿਨਾਂ ਤੋਂ ਚਰਚਾ ਸੀ ਕਿ ਬੈਂਸ ਹੋਰੀ ਅਦਾਲਤ ਵਿਚ ਆਤਮ ਸਮਰਪਣ ਕਰ ਸਕਦੇ ਹਨ। ਉਧਰ ਪੀੜਤ ਔਰਤ ਨੇ ਬੈਂਸ ਨੂੰ ਪੁਲਿਸ ਰਿਮਾਂਡ ’ਤੇ ਭੇਜਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਸਨੂੰ ਅਦਾਲਤ ਉਪਰ ਪੂਰਨ ਭਰੋਸਾ ਹੈ ਕਿ ਇਨਸਾਫ਼ ਜਰੂਰ ਮਿਲੇਗਾ।
Share the post "ਬਲਾਤਕਾਰ ਦੇ ਮਾਮਲੇ ’ਚ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਵਲੋਂ ਅਦਾਲਤ ਅੱਗੇ ਆਤਮ ਸਮਰਪਣ"