ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੇ ਬਾਬਾ ਫ਼ਰੀਦ ਕਾਲਜ ਅਤੇ ਚੈੱਕ ਰਿਪਬਲਿਕ ਦੀ ਕੰਪਨੀ ਮੈਨਟੈੱਕ ਏ.ਐੱਸ. ਟੈਕਨਾਲੋਜੀਜ਼ ਨੇ ਖੇਤੀਬਾੜੀ ਵਿੱਚ ਨਵੀਨਤਾਕਾਰੀ ਟੈਕਨਾਲੋਜੀ ਦੇ ਸਬੰਧ ਵਿੱਚ ਅਕਾਦਮਿਕ ਅਤੇ ਖੋਜ ਸਹਿਯੋਗ ਲਈ ਐਮ.ਓ.ਯੂ. ਸਾਈਨ ਕੀਤਾ ਹੈ। ਇਸ ਸਮਝੌਤੇ ਦਾ ਉਦੇਸ਼ ਖੇਤੀਬਾੜੀ ਟੈਕਨਾਲੋਜੀ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਖੋਜ ਅਨੁਭਵਾਂ ਨੂੰ ਵਧਾਉਣਾ ਅਤੇ ਬਹੁਤ ਸਾਰੇ ਲਾਭ ਪ੍ਰਦਾਨ ਕਰਨਾ ਹੈ। ਇਸ ਸਮਝੌਤਾ ਪੱਤਰ (ਐਮ.ਓ.ਯੂ.) ’ਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਮੈਨਟੈੱਕ ਟੈਕਨਾਲੋਜੀ ਚੈੱਕ ਰਿਪਬਲਿਕ ਦੀ ਤਰਫ਼ੋਂ ਓਂਡਰੇਜ ਬਲਾਹਾ ਨੇ ਦਸਤਖ਼ਤ ਕੀਤੇ। ਬਾਬਾ ਫ਼ਰੀਦ ਕਾਲਜ ਦੇ ਡੀਨ (ਸਾਇੰਸਜ਼) ਡਾ. ਜਾਵੇਦ ਅਹਿਮਦ ਖ਼ਾਨ ਅਤੇ ਇਨਸਟਾਰ ਟੈਕਨਾਲੋਜੀਜ਼ ਦੇ ਪ੍ਰੋਡਕਸ਼ਨ ਮੈਨੇਜਰ ਸ੍ਰੀ ਗਿਆਨ ਸਾਗਰ ਦੇੇ ਸਹਿਯੋਗ ਸਦਕਾ ਦੋਹਾਂ ਸੰਸਥਾਵਾਂ ਵਿਚਕਾਰ ਸਫਲ ਸਮਝੌਤੇ ਨੂੰ ਯਕੀਨੀ ਬਣਾਇਆ ਗਿਆ। ਐਮ.ਓ.ਯੂ. ਦਾ ਮੁੱਖ ਉਦੇਸ਼ ਕਾਲਜ ਦੇ ਵਿਦਿਆਰਥੀਆਂ ਜਾਂ ਸਟਾਫ਼ ਨੂੰ ਹਰੇਕ ਸਮੈਸਟਰ ਵਿੱਚ ਦੋ ਕ੍ਰੈਡਿਟ ਸਰਟੀਫਿਕੇਟ ਕੋਰਸ ਪ੍ਰਦਾਨ ਕਰਨਾ ਹੈ। ਇਹ ਕੋਰਸ ਆਨਲਾਈਨ ਮੁਫ਼ਤ ਕਰਵਾਏ ਜਾਣਗੇ। ਇਸ ਐਮ.ਓ.ਯੂ. ਦੇ ਤਹਿਤ ਵਿਦਿਆਰਥੀਆਂ ਨੂੰ ਮੈਨਟੈੱਕ ਦੀਆਂ ਤਕਨਾਲੋਜੀਆਂ ਅਤੇ ਉਤਪਾਦਾਂ ਦੀ ਵਰਤੋਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਕਾਲਜ ਦੇ ਵਿਦਿਆਰਥੀ ਫੈਕਲਟੀ ਮੈਂਬਰਾਂ ਦੇ ਨਾਲ ਖੋਜ ਪ੍ਰਸਤਾਵਾਂ ਨੂੰ ਤਿਆਰ ਕਰਨ ਅਤੇ ਜਮਾਂ ਕਰਨ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਦੇ ਹਨ। ਗਰੁੱਪ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਸ਼ਾਨਦਾਰ ਨੈੱਟਵਰਕਿੰਗ ਮੌਕੇ ਲਈ ਬਾਬਾ ਫ਼ਰੀਦ ਕਾਲਜ ਦੀ ਟੀਮ ਨੂੰ ਵਧਾਈ ਦਿੱਤੀ।
Share the post "ਬਾਬਾ ਫ਼ਰੀਦ ਕਾਲਜ,ਬਠਿੰਡਾ ਅਤੇ ਮੈਨਟੈੱਕ ਟੈਕਨਾਲੋਜੀਚੈੱਕ ਰਿਪਬਲਿਕ ਵਿਚਕਾਰ ਹੋਇਆ ਐਮ.ਓ.ਯੂ."