ਸੁਖਜਿੰਦਰ ਮਾਨ
ਬਠਿੰਡਾ, 2 ਜਨਵਰੀ : ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਫਿਜ਼ਿਕਸ ਵਿਭਾਗ ਨੇ ਵਿਦਿਆਰਥੀਆਂ ਲਈ ਸ੍ਰੀਨਗਰ, ਗੁਲਮਾਰਗ ਅਤੇ ਪਹਿਲਗਾਮ ਲਈ ਇੱਕ ਮਨੋਰੰਜਕ ਦੌਰੇ ਦਾ ਆਯੋਜਨ ਕੀਤਾ। ਇਸ ਦੌਰੇ ਦਾ ਮੰਤਵ ਨਵੀਆਂ ਥਾਵਾਂ ਦੀ ਪੜਚੋਲ ਕਰਨਾ ਅਤੇ ਵੱਖ-ਵੱਖ ਸਭਿਆਚਾਰਾਂ ਬਾਰੇ ਜਾਣਕਾਰੀ ਹਾਸਲ ਕਰਨਾ ਸੀ। ਇਸ ਦੌਰੇ ਦੌਰਾਨ ਫਿਜ਼ਿਕਸ ਵਿਭਾਗ ਦੇ ਫੈਕਲਟੀ ਮੈਂਬਰਾਂ ਦੀ ਨਿਗਰਾਨੀ ਹੇਠ ਐਮ.ਐਸ.ਸੀ. (ਫਿਜ਼ਿਕਸ) ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਸ੍ਰੀਨਗਰ ਪਹੁੰਚ ਕੇ ਡੱਲ ਝੀਲ, ਸ਼ੰਕਰਾਚਾਰੀਆ ਮੰਦਰ, ਨਿਸ਼ਾਂਤ ਬਾਗ਼, ਮੁਗ਼ਲ-ਏ-ਆਜ਼ਮ ਬਾਗ਼, ਲਾਲ ਚੌਂਕ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਮੌਕਿਆਂ ਬਾਰੇ ਜਾਣਿਆ। ਦੂਜੇ ਦਿਨ ਵਿਦਿਆਰਥੀਆਂ ਨੇ ਬਰਫ਼ਬਾਰੀ ਅਤੇ ਗੁਲਮਾਰਗ ਦੇ ਆਲ਼ੇ-ਦੁਆਲ਼ੇ ਦਾ ਅਨੰਦ ਮਾਣਿਆ। ਉਨ੍ਹਾਂ ਨੇ ਪਹਿਲਗਾਮ ਵਿਖੇ ਬਹੁਤ ਸਾਰੇ ਸਾਹਸੀ ਕਾਰਜ (ਐਡਵੈਂਚਰ) ਵੀ ਕੀਤੇ ਅਤੇ ਬੈਸਰਨ ਵੈਲੀ (ਮਿੰਨੀ ਸਵਿਟਜ਼ਰਲੈਂਡ) ਵਿੱਚ ਟਰੈਕਿੰਗ ਵੀ ਕੀਤੀ। ਵਿਦਿਆਰਥੀਆਂ ਨੇ ਇਲਾਕੇ ਦੇ ਠੰਡੇ ਮੌਸਮ ਦਾ ਅਨੁਭਵ ਕੀਤਾ ਅਤੇ ਬਰਫ਼ੀਲੇ ਮੈਦਾਨ ਦੀਆਂ ਫ਼ੋਟੋਆਂ ਖਿੱਚੀਆਂ । ਵਾਪਸੀ ’ਤੇ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦੇ ਦਰਸ਼ਨ ਵੀ ਕੀਤੇ । ਫੈਕਲਟੀ ਆਫ਼ ਸਾਇੰਸਜ਼ ਦੇ ਡੀਨ ਡਾ. ਜਾਵੇਦ ਅਹਿਮਦ ਖ਼ਾਨ ਅਤੇ ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਸੁਧੀਰ ਮਿੱਤਲ ਨੇ ਵਿਦਿਆਰਥੀਆਂ ਨੂੰ ਇਸ ਸਫਲ ਦੌਰੇ ਲਈ ਵਧਾਈ ਦਿੱਤੀ। ਵਿਦਿਆਰਥੀਆਂ ਲਈ ਇਹ ਦੌਰਾ ਬਹੁਤ ਜਾਣਕਾਰੀ ਭਰਪੂਰ ਰਿਹਾ ਅਤੇ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਫਿਜ਼ਿਕਸ ਵਿਭਾਗ ਵੱਲੋਂ ਅਜਿਹੇ ਦੌਰੇ ਕਰਵਾਏ ਜਾਣ ਦੀ ਆਸ ਪ੍ਰਗਟਾਈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਫਿਜ਼ਿਕਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Share the post "ਬਾਬਾ ਫ਼ਰੀਦ ਕਾਲਜ ਦੇੇ ਵਿਦਿਆਰਥੀਆਂ ਨੇ ਸ੍ਰੀਨਗਰ, ਗੁਲਮਾਰਗ ਅਤੇ ਪਹਿਲਗਾਮ ਦਾ ਕੀਤਾ ਮਨੋਰੰਜਕ ਦੌਰਾ"