ਸੁਖਜਿੰਦਰ ਮਾਨ
ਬਠਿੰਡਾ, 19 ਮਈ: ਵਿਦਿਆਰਥੀਆਂ ਵਿੱਚ ਨਵਾਂ ਗਿਆਨ ਪੈਦਾ ਕਰਨ ਦੇ ਮੰਤਵ ਨਾਲ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਐਮ.ਓ.ਯੂ. ਸੰਗਠਨ ਦੇ ਸਹਿਯੋਗ ਨਾਲ ‘ਬੀਜਾਂ ਦੀ ਸ਼ੁੱਧਤਾ‘ ਬਾਰੇ ਇੱਕ ਮਾਹਿਰ ਗੱਲਬਾਤ ਕਰਵਾਈ ਗਈ ਜਿਸ ਵਿੱਚ ਮਾਹਿਰ ਵਜੋਂ ਡਾ. ਅੱਲਾਹ ਰੰਗ, ਐਮ.ਡੀ. ਬਾਇਓਕਾਰਵ ਸੀਡਜ਼, ਪਟਿਆਲਾ ਨੇ ਸ਼ਿਰਕਤ ਕੀਤੀ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਪਲਾਂਟ ਬਰੀਡਿੰਗ ਐਂਡ ਜੈਨੇਟਿਕਸ ਵਿਭਾਗ ਵਿੱਚ ਪ੍ਰੋਫੈਸਰ ਅਤੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ। ਵਰਨਣਯੋਗ ਹੈ ਕਿ ਬਾਇਓਕਾਰਵ ਸੀਡਜ਼ ਕੰਪਨੀ ਭਾਰਤ ਵਿੱਚ ਫੁੱਲਾਂ ਦੇ ਬੀਜਾਂ ਦੀ ਪ੍ਰਮੁੱਖ ਉਤਪਾਦਕ ਹੈ ਅਤੇ ਇਹ ਕੰਪਨੀ ਹਾਲੈਂਡ, ਜਰਮਨੀ, ਯੂ.ਏ.ਈ. ਅਤੇ ਅਮਰੀਕਾ ਸਮੇਤ ਅੱਠ ਵੱਖ-ਵੱਖ ਦੇਸ਼ਾਂ ਵਿੱਚ ਬੀਜ ਨਿਰਯਾਤ ਕਰਦੀ ਹੈ।
ਇਸ ਸੈਮੀਨਾਰ ਵਿੱਚ ਡਾ. ਅੱਲਾਹ ਰੰਗ ਨੇ ਦੱਸਿਆ ਕਿ ਉੱਚ ਗੁਣਵੱਤਾ ਵਾਲੇ ਬੀਜ ਦਾ ਉਤਪਾਦਨ ਆਧੁਨਿਕ ਖੇਤੀ ਦੀ ਬੁਨਿਆਦੀ ਲੋੜ ਹੈ। ਸੁਧਰੇ ਹੋਏ ਬੀਜ ਨਾ ਸਿਰਫ਼ ਜੀਨੋਟਾਈਪਾਂ ਲਈ , ਸਗੋਂ ਨਵੀਂ ਬਿਜਾਈ ਅਤੇ ਉਤਪਾਦਨ ਦੇ ਤਰੀਕਿਆਂ ਅਤੇ ਫ਼ਸਲਾਂ ਦੀ ਸੁਰੱਖਿਆ ਦੀਆਂ ਰਣਨੀਤੀਆਂ ਲਈ ਵੀ ਕੰਮ ਕਰਦੇ ਹਨ ਜੋ ਖੇਤੀਬਾੜੀ ਦੀ ਸਮੁੱਚੀ ਕੁਸ਼ਲਤਾ ਨੂੰ ਬਿਹਤਰ ਬਣਾਉਂਦੀਆਂ ਹਨ । ਉਨ੍ਹਾਂ ਕਿਹਾ ਕਿ ਜੈਨੇਟਿਕਸ ਸ਼ੁੱਧਤਾ ਮਾਪਦੰਡ ਬੀਜ ਪ੍ਰਮਾਣੀਕਰਨ ਕਾਨੂੰਨਾਂ ਅਤੇ ਰਾਜ ਦੇ ਬੀਜ ਪ੍ਰਮਾਣੀਕਰਨ ਏਜੰਸੀਆਂ ਦੁਆਰਾ ਸਥਾਪਿਤ ਕੀਤੇ ਜਾਂਦੇ ਹਨ ਤਾਂ ਜੋ ਉਤਪਾਦਕਾਂ ਨੂੰ ਇਹ ਯਕੀਨ ਦਿਵਾਇਆ ਜਾ ਸਕੇ ਕਿ ਜੋ ਬੀਜ ਉਹ ਖ਼ਰੀਦ ਰਹੇ ਹਨ ਉਹ ਸਹੀ ਫ਼ਸਲ ਅਤੇ ਕਿਸਮ ਦੇ ਨਾਲ ਸਹੀ ਲੇਬਲ ਕੀਤਾ ਗਿਆ ਹੈ। ਬੀਜ ਸ਼ੁੱਧਤਾ ਦੇ ਮਾਪਦੰਡ ਬੀਜਾਂ ਵਿੱਚ ਗੰਦਗੀ ਦੀ ਪ੍ਰਤੀਸ਼ਤਤਾ ਨੂੰ ਵੀ ਦਰਸਾਉਂਦੇ ਹਨ । ਡਾ. ਅੱਲਾਹ ਰੰਗ ਨੇ ਆਪਣੀ ਸੰਪਰਕ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਉਤਪਾਦਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਵਿਦਿਆਰਥੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ ਹਮੇਸ਼ਾ ਮਦਦ ਕਰਨ ਲਈ ਤਿਆਰ ਹਨ। ਵਿਦਿਆਰਥੀਆਂ ਲਈ ਇਹ ਸੈਮੀਨਾਰ ਬਹੁਤ ਜਾਣਕਾਰੀ ਭਰਪੂਰ ਅਤੇ ਦਿਲਚਸਪ ਰਿਹਾ। ਇਸ ਸੈਮੀਨਾਰ ਵਿੱਚ 100 ਦੇ ਲਗਭਗ ਬੀ.ਐਸ.ਸੀ. (ਐਗਰੀਕਲਚਰ) ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਖੀਰ ਵਿਚ ਸਵਾਲ-ਜਵਾਬ ਦੇ ਸਿਲਸਿਲੇ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦਾ ਮਾਹਿਰ ਨੇ ਤਸੱਲੀਬਖ਼ਸ਼ ਜਵਾਬ ਦੇ ਕੇ ਹਰ ਸ਼ੰਕਾ ਨੂੰ ਦੂਰ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਅਜਿਹੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਈ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ
ਬਾਬਾ ਫ਼ਰੀਦ ਕਾਲਜ ਨੇ ‘ਬੀਜਾਂ ਦੀ ਸ਼ੁੱਧਤਾ‘ ਬਾਰੇ ਮਾਹਿਰ ਗੱਲਬਾਤ ਕਰਵਾਈ
18 Views