ਸੁਖਜਿੰਦਰ ਮਾਨ
ਬਠਿੰਡਾ, 12 ਜੁਲਾਈ: ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਲੋਂ ‘ਵਿਸ਼ਵ ਆਬਾਦੀ ਦਿਵਸ’ ਦੇ ਸੰਬੰਧ ਵਿੱਚ ‘ਕੁਟੇਸ਼ਨ ਲਿਖਣ‘ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ 77 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ‘ਵਿਸ਼ਵ ਆਬਾਦੀ ਦਿਵਸ‘ ਦੇ ਸੰਬੰਧ ਵਿੱਚ ਜਾਗਰੂਕ ਕਰਨ ਅਤੇ ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ । ਵਿਦਿਆਰਥੀਆਂ ਨੇ ਵਧਦੀ ਆਬਾਦੀ ਨਾਲ ਭੋਜਨ ਦੀ ਕਮੀ, ਬਿਜਲੀ ਦੀ ਕਮੀ ਅਤੇ ਕੁਦਰਤੀ ਸਰੋਤਾਂ ਦੀ ਕਮੀ ਬਾਰੇ ਅੰਗਰੇਜ਼ੀ ਵਿੱਚ ਕੁਟੇਸ਼ਨਾਂ ਤਿਆਰ ਕੀਤੀਆਂ । ਵਿਦਿਆਰਥੀਆਂ ਨੇ ਵਧ ਰਹੀ ਆਬਾਦੀ ਦੇ ਭਵਿੱਖ ਵਿੱਚ ਸਾਡੀਆਂ ਆਉਣ ਵਾਲੀਆਂ ਪੀੜੀਆਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਦਰਸਾਉਂਦੀਆਂ ਬਹੁਤ ਹੀ ਸ਼ਾਨਦਾਰ ਕੁਟੇਸ਼ਨਾਂ ਲਿਖੀਆਂ । ਵਿਦਿਆਰਥੀਆਂ ਨੇ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਦੇ ਲਾਭ ਬਾਰੇ ਵੀ ਬਹੁਤ ਸਾਰੀਆਂ ਕੁਟੇਸ਼ਨਾਂ ਤਿਆਰ ਕੀਤੀਆਂ । ਵਿਦਿਆਰਥੀਆਂ ਵੱਲੋਂ ਲਿਖੀਆਂ ਹੋਈਆਂ ਕੁਟੇਸ਼ਨਾਂ ਨੂੰ ਦੇਖਣ ਤੋਂ ਬਾਅਦ ਇਸ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕਰਨਜੀਤ ਸਿੱਧੂ (10+2 ਨਾਨ ਮੈਡੀਕਲ-ਏ ) ਨੇ ਪਹਿਲਾ ਸਥਾਨ, ਅਨੁਰੀਤ ਕੌਰ (10+2 ਆਰਟਸ-ਏ) ਨੇ ਦੂਜਾ ਸਥਾਨ ਅਤੇ ਰਿਮਾਂਸ਼ੂ (10+2 ਕਾਮਰਸ-ਬੀ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜਸਲੀਨ ਕੌਰ (10+2 ਆਰਟਸ-ਏ) ਅਤੇ ਜਸਦੀਪ ਕੌਰ (10+2 ਕਾਮਰਸ-ਬੀ) ਨੂੰ ਵੀ ਹੌਸਲਾ ਵਧਾਉਣ ਲਈ ਇਨਾਮ ਦਿੱਤਾ ਗਿਆ । ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਡਾ. ਬਲਜਿੰਦਰ ਸਿੰਘ ਸਿੱਧੂ ਨੇ ‘ਵਿਸ਼ਵ ਆਬਾਦੀ ਦਿਵਸ‘ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਵਿਦਿਆਰਥੀਆਂ ਦੀ ਕਲਾ ਦੀ ਭਰਪੂਰ ਪ੍ਰਸੰਸਾ ਕੀਤੀ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਇਸ ਦਿਨ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਕੁਦਰਤ ਦੇ ਸੀਮਤ ਸਰੋਤਾਂ ਦੀ ਵਰਤੋਂ ਸੰਜਮ ਅਤੇ ਸੁਚੱਜੇ ਢੰਗ ਨਾਲ ਕਰਨ ਬਾਰੇ ਸੰਦੇਸ਼ ਦਿੱਤਾ।
Share the post "ਬਾਬਾ ਫ਼ਰੀਦ ਸਕੂਲ ਨੇ ‘ਵਿਸ਼ਵ ਆਬਾਦੀ ਦਿਵਸ‘ ਦੇ ਸੰਬੰਧ ਵਿੱਚ ਕੁਟੇਸ਼ਨ ਲਿਖਣ ਦਾ ਮੁਕਾਬਲਾ ਆਯੋਜਿਤ"