ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ : ਅੱਜ ਬਿਜਲੀ ਮੁਲਾਜ਼ਮਾਂ ਦੀਆਂ ਵੱਖ-2 ਜੱਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਸਬ ਡਿਵੀਜ਼ਨਾਂ ਵਿਖੇ ਰੋਸ ਰੈਲੀਆਂ ਕਰਕੇ ਪੰਜਾਬ ਸਰਕਾਰ ਵੱਲੋਂ ਸੀ.ਆਰ.ਏ. 295/19 ਤਹਿਤ ਨਿਯੁਕਤ ਕੀਤੇ ਗਏ ਸਹਾਇਕ ਲਾਈਨਮੈਨ ਕਰਮਚਾਰੀਆਂ ਦੇ ਵਿਰੁੱਧ ਪਰਚੇ ਦਰਜ ਕਰਨ ਖਿਲਾਫ਼ ਰੋਸ਼ ਪ੍ਰਗਟਾਇਆ ਗਿਆ। ਇਸ ਮੌਕੇ ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:) ਦੇ ਆਗੂਆਂ ਨੇ ਕਿਹਾ ਕਿ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਪਾਵਰਕਾਮ ਕੰਪਨੀਆਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਭਰਤੀ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਘਰ ਘਰ ਰੁਜ਼ਗਾਰ ਦੇਣ ਦੇ ਨਾਂ ਹੇਠ ਸਾਲ 2019 ਵਿੱਚ ਭਰਤੀ ਕੀਤੇ ਗਏ 1800 ਤੋ ਵੱਧ ਸਹਾਇਕ ਲਾਈਨਮੈਨ ਨਾਲ ਜੋ ਬਿਜਲੀ ਬੋਰਡ ਮਹਿਕਮੇ ਵਿਚ ਦੋ ਸਾਲ ਦੀ ਅਪਰੈਟਿਸ਼ਿਪ ਦਾ ਤਜ਼ਰਬਾ ਰੱਖਦੇ ਸਨ, ਭਰਤੀ ਸਮੇਂ ਤਰਜਬਾ ਸਰਟੀਫਿਕੇਟ ਦੀ ਮੰਗ ਦੀ ਸ਼ਰਤ ਰੱਖ ਕੇ ਮੈਨੇਜਮੈਂਟ ਵੱਲੋਂ ਉਨ੍ਹਾਂ ਯੋਗ ਕਾਮਿਆਂ ਨਾਲ ਪਹਿਲਾਂ ਹੀ ਧੱਕਾ ਕੀਤਾ ਗਿਆ ਹੈ। ਹੁਣ ਤਰਜਬਾ ਸਰਟੀਫਿਕੇਟ ਦੀ ਆੜ ਵਿੱਚ ਉਹਨਾਂ ਕਾਮਿਆਂ ਤੇ ਕੇਸ ਦਰਜ ਕਰਵਾਉਣ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰਾਂ ਬਦਲਣ ਨਾਲ ਸਰਕਾਰ ਦੀ ਨੀਤੀ ਨਹੀਂ ਬਦਲੀ ਹੈ। ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਮੁਲਾਜ਼ਮਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਪੱਕੇ ਰੋਜ਼ਗਾਰ ਦੀ ਰਾਖੀ, ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ ਅਤੇ ਪਹਿਲੀਆਂ ਸੇਵਾ ਸ਼ਰਤਾਂ ਦੀ ਰਾਖੀ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਨਵੀਂਆਂ ਆਰਥਿਕ ਨੀਤੀਆਂ ਤਹਿਤ ਜਾਰੀ ਨਿੱਜੀਕਰਨ ਅਤੇ ਕਾਰਪੋਰੇਟੀਕਰਨ ਦੀ ਨੀਤੀ ਨੂੰ ਪੱਕੇ ਤੌਰ ਤੇ ਰੱਦ ਕਰਵਾਉਣ ਲਈ ਵਿਸ਼ਾਲ ਏਕਤਾ ਉਸਾਰ ਕੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਦੇ ਸੂਬਾ ਮੀਤ ਪ੍ਰਧਾਨ ਚੰਦਰ ਪ੍ਰਸ਼ਾਦ ਸ਼ਰਮਾ,ਸਰਕਲ ਸੱਕਤਰ ਸਤਵਿੰਦਰ ਸਿੰਘ, ਸਰਕਲ ਮੀਤ ਪ੍ਰਧਾਨ ਹੇਮ ਰਾਜ, ਡਵੀਜਨ ਬਠਿੰਡਾ ਦੇ ਪ੍ਰਧਾਨ ਰੇਸ਼ਮ ਕੁਮਾਰ, ਰਾਮਪੁਰਾ ਡਵੀਜਨ ਦੇ ਪ੍ਰਧਾਨ ਪਰਵਿੰਦਰ ਸਿੰਘ ਬਿੱਟੂ, ਮੌੜ ਡਵੀਜਨ ਦੇ ਪ੍ਰਧਾਨ ਜਸਪਾਲ ਸਿੰਘ ਭੀਖੀ, ਡਵੀਜਨ ਬੁਢਲਾਡਾ ਦੇ ਪ੍ਰਧਾਨ ਰਮਨ ਕੁਮਾਰ, ਸੱਕਤਰ ਬਿਕਰਮਜੀਤ ਸਿੰਘ, ਸਬਡਵੀਜ਼ਨ ਭੀਖੀ ਦੇ ਪ੍ਰਧਾਨ ਸੱਤਪਾਲ ਸ਼ਰਮਾ, ਗੁਰਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
Share the post "ਬਿਜਲੀ ਮੁਲਾਜ਼ਮਾਂ ਵੱਲੋਂ ਸਹਾਇਕ ਲਾਈਨਮੈਨਾਂ ਵਿਰੁੱਧ ਪਰਚੇ ਦਰਜ ਕਰਨ ਵਿਰੁੱਧ ਕੀਤੀਆਂ ਰੋਸ ਰੈਲੀਆਂ"