ਬਠਿੰਡਾ ਸ਼ਹਿਰ ਵਿੱਚ ਕੀਤਾ ਰੋਸ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 26 ਜੂਨ: ਬਠਿੰਡਾ ਡੱਬਵਾਲੀ ਸੜਕ ਨੂੰ ਭਾਰਤ ਮਾਲਾ ਦੇ ਨਾਮ ਹੇਠ ਕਿਸਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਧੱਕੇ ਨਾਲ ਚੌੜੀ ਕਰਨ ਵਿਰੁੱਧ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵਲੋਂ ਲਾਠੀਚਾਰਜ ਕਰਨ ਦੇ ਵਿਰੋਧ ਵਿਚ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿਚ ਅੱਜ ਵੱਡੀ ਪੱਧਰ ਤੇ ਕਿਸਾਨ ਸਮੇਤ ਔਰਤਾਂ ਇਕੱਠੇ ਹੋ ਗਏ ਤੇ ਡੱਬਵਾਲੀ ਸੜਕ ਤੇ ਪਿੰਡ ਗੁਰੂਸਰ ਸੈਣੇਵਾਲਾ ਕੋਲ ਸੜਕ ਜਾਮ ਕਰ ਦਿੱਤੀ ਅਤੇ ਬਾਅਦ ਦੁਪਹਿਰ 3-30 ਵਜੇ ਚਲਕੇ ਬਠਿੰਡਾ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਕਿੰਨੀਆਂ ਹੀ ਕੁਰਬਾਨੀਆਂ ਦੇਣੀਆਂ ਪੈਣ ।
ਧਰਨੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜ਼ਿਲ੍ਹਾ ਮੁਕਤਸਰ ਦੇ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਾਮਰਾਜੀ ਤੇ ਸਰਮਾਏਦਾਰ ਕੰਪਨੀਆਂ ਦੇ ਹਿੱਤਾਂ ਵਿੱਚ ਭੁਗਤਦਿਆਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਉਜਾੜਾ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਕੰਪਨੀਆਂ ਦੇ ਮੁਨਾਫ਼ਿਆਂ ਵਿੱਚ ਵਾਧਾ ਕਰਨ ਲਈ ਉਨ੍ਹਾਂ ਦਾ ਮਾਲ ਦੀ ਢੋਆ ਢੁਆਈ ਲਈ ਕਿਸਾਨਾਂ ਨੂੰ ਜ਼ਮੀਨਾਂ ਤੋਂ ਉਜਾੜ ਕੇ ਧੱਕੇ ਨਾਲ ਚੌੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮੁਆਵਜ਼ਾ ਵੀ ਬਿਲਕੁਲ ਨਿਗੂਣਾ ਦਿੱਤਾ ਜਾ ਰਿਹਾ ਹੈ ਇਨ੍ਹਾਂ ਚੌੜੀਆਂ ਸੜਕਾਂ ਦੇ ਦੋਵੇਂ ਪਾਸੇ ਵਾਲੇ ਕਿਸਾਨਾਂ ਨੂੰ ਖੇਤਾਂ ਚ ਪਾਣੀ ਲਾਉਣ ਅਤੇ ਖੇਤੀ ਕਰਨ ਲਈ ਰਾਹ ਪਹੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਸੜਕਾਂ ਦੇ ਇਕ ਤੋਂ ਦੂਜੇ ਪਾਸੇ ਖੇਤਾਂ ਚ ਜਾਣ ਲਈ ਲੰਮਾ ਸਫ਼ਰ ਤੈਅ ਕਰਨਾ ਪਵੇਗਾ। ਇਸੇ ਤਰ੍ਹਾਂ ਹੀ ਦਿੱਲੀ ਕਟੜਾ ਸੜਕ ਚੌੜੀ ਸੜਕ ਲਈ ਕੱਲ ਲੁਧਿਆਣਾ ਜ਼ਿਲ੍ਹੇ ਚ ਵੀ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ।
ਕਿਸਾਨ ਆਗੂਆਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਦੇ ਨੇੜੇ 2010 ਵਿੱਚ ਪੈਟਰੋਕੈਮੀਕਲਜ਼ ਦੇ ਨਾਂ ਹੇਠ ਪਲਾਨ ਕੀਤਾ ਗਿਆ ਸੀ ਕਿ 41 ਪਿੰਡਾਂ ਦੀ 1,37,500 ਏਕੜ ਜ਼ਮੀਨ ਵਿੱਚ ਪੈਟਰੋ ਕੈਮੀਕਲ ਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਫੈਕਟਰੀਆਂ ਲਾਈਆਂ ਜਾਣਗੀਆਂ ਜਿਹਨਾਂ ਵਿੱਚ ਕਾਰਪੋਰੇਟ ਕੰਪਨੀਆਂ ਦਾ ਮਾਲ ਦੀ ਢੋਆ ਢੁਆਈ ਲਈ ਇਹ ਸੜਕ ਬਣਾਈ ਜਾ ਰਹੀ ਹੈ ਇਸ ਲਈ ਇਹ ਮਸਲਾ 12-15ਪਿੰਡਾ ਦਾ ਨਾ ਹੋਕੇ ਪੂਰੇ ਕਿਰਤੀ ਲੋਕਾਂ ਦਾ ਹੈ।
ਔਰਤ ਆਗੂ ਕਰਮਜੀਤ ਕੌਰ ਲਹਿਰਾਖਾਨਾ ਨੇ ਕਿਹਾ ਕਿ ਧੱਕੇ ਨਾਲ ਜ਼ਮੀਨਾਂ ਰੋਕਣ ਵਿਰੁੱਧ ਔਰਤਾਂ ਦੀ ਵੱਡੀ ਪੱਧਰ ਤੇ ਸ਼ਮੂਲੀਅਤ ਕਰਵਾਈ ਜਾਵੇ । ਉਨ੍ਹਾਂ ਕਿਹਾ ਕਿ ਮਰਦਾਂ ਦੇ ਝੋਨੇ ਦਾ ਸੀਜ਼ਨ ਕਾਰਨ ਖੇਤਾਂ ਵਿੱਚ ਉਲਝੇ ਹੋਣ ਕਾਰਨ ਸੰਘਰਸ਼ ਵਿੱਚ ਔਰਤਾਂ ਬਰਾਬਰ ਦਾ ਯੋਗਦਾਨ ਪਾਉਣਗੀਆਂ । ਉਨ੍ਹਾਂ ਔਰਤਾਂ ਨੂੰ ਅਪੀਲ ਵੀ ਕੀਤੀ ਕਿ ਉਹ ਜ਼ਮੀਨਾਂ ਅਤੇ ਬਚਿਆਂ ਦਾ ਭਵਿੱਖ ਬਚਾਉਣ ਲਈ ਵੱਧ ਤੋਂ ਵੱਧ ਸੰਘਰਸ਼ ਵਿਚ ਆਉਣ।
ਉਪਰੋਕਤ ਬੁਲਾਰਿਆਂ ਤੋਂ ਇਲਾਵਾ ਬਠਿੰਡਾ ਜਿਲ੍ਹੇ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਮਾਨਸਾ ਜ਼ਿਲੇ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਅਤੇ ਮੁਕਤਸਰ ਜ਼ਿਲ੍ਹੇ ਦੇ ਆਗੂ ਹਰਬੰਸ ਸਿੰਘ ਕੋਟਲੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਹਮਲੇ ਨੂੰ ਰੋਕਣ ਲਈ ਤੱਤਪਰ ਤਿਆਰ ਰਹਿਣ । ਆਗੂਆਂ ਨੇ ਲਾਠੀਚਾਰਜ ਦੌਰਾਨ ਜਿਸ ਕਿਸਾਨ ਦਾ ਚੂਲਾ ਤੋੜ ਦਿੱਤਾ ਸੀ ਉਸ ਦਾ ਸਾਰਾ ਇਲਾਜ ਹੱਡੀਆਂ ਦੇ ਮਾਹਰ ਡਾਕਟਰ ਤੋਂ ਸਰਕਾਰੀ ਖਰਚੇ ਤੇ ਕਰਾਉਣ ਦੀ ਮੰਗ ਕੀਤੀ ।
ਬਿਨਾਂ ਮੁਆਵਜ਼ਾ ਦਿੱਤੇ ਧੱਕੇ ਨਾਲ ਚੌੜੀ ਕਰਨ ਵਿਰੁੱਧ ਕਿਸਾਨਾਂ ਵੱਲੋਂ ਡੱਬਵਾਲੀ ਸੜਕ ਜਾਮ
9 Views