ਜਮੀਨਾਂ ਬਚਾਉਣ ਦੀ ਰਾਖੀ ਦੇ ਨਾਲ-ਨਾਲ ਮਨੁੱਖੀ ਨਸਲਾਂ ਬਚਾਉਣ ਦਾ ਸੰਘਰਸ਼ ਵੀ ਜਰੂਰੀ-ਰਾਮਪੁਰਾ, ਜੇਠੂਕੇ
ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਝੰਡੇ ਹੇਠ ਬਠਿੰਡਾ ਜਿਲ੍ਹੇ ਦਾ ਕਿਸਾਨਾਂ ਦਾ ਵੱਡਾ ਕਾਫ਼ਲਾ ਜ਼ੀਰਾ ’ਚ ਸ਼ਰਾਬ ਅਤੇ ਕੈਮੀਕਲ ਫੈਕਟਰੀ ਬੰਦ ਕਰਵਾਉਣ ਖ਼ਿਲਾਫ਼ ਚਲ ਰਹੇ ਸਾਂਝੇ ਮੋਰਚੇ ’ਚ ਸ਼ਮੂਲੀਅਤ ਲਈ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜਿਲ੍ਹਾ ਸਕੱਤਰ ਬਲਵਿੰਦਰ ਸਿੰਘ ਜੇਠੂਕੇ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਕਿਸਾਨ-ਆਗੂ ਹਰਵਿੰਦਰ ਸਿੰਘ ਕੋਟਲੀ, ਬੂਟਾ ਸਿੰਘ ਤੁੰਗਵਾਲੀ ਅਤੇ ਯਾਦਵਿੰਦਰ ਸਿੰਘ ਫੁੱਲੋ ਮਿੱਠੀ ਵੀ ਹਾਜ਼ਰ ਸਨ। ਕਿਸਾਨ ਆਗੂਆਂ ਨੇ ਰਵਾਨਾ ਹੋਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਜ਼ੀਰਾ ’ਚ 15 ਸਾਲ ਪਹਿਲਾਂ ਲੱਗੀ ਸ਼ਰਾਬ ਅਤੇ ਕੈਮੀਕਲ ਫੈਕਟਰੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ। ਇਹ ਫੈਕਟਰੀ ਜ਼ਹਿਰੀਲੀਆਂ ਗੈਸਾਂ ਛੱਡ ਰਹੀ ਹੈ, ਲੱਖਾਂ ਲੀਟਰ ਜਹਿਰੀਲਾ ਪਾਣੀ ਧਰਤੀ ਵਿੱਚ ਛੱਡਿਆ ਜਾ ਰਹੀ ਹੈ। ਆਲੇ ਦੁਆਲੇ ਦੇ 40-50 ਪਿੰਡਾਂ ਦੇ ਲੋਕਾਂ ਦਾ ਪਾਣੀ, ਹਵਾ, ਧਰਤੀ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਤਰ੍ਹਾਂ-ਤਰਾਂ ਦੀਆਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ। ਸਾਂਝਾ ਮੋਰਚਾ ਜੀਰਾ ਦੀ ਅਗਵਾਈ ਹੇਠ ਲੋਕ ਛੇ ਮਹੀਨੇ ਤੋਂ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਦੋਂ ਸੱਤਾ ਵਿੱਚ ਨਹੀਂ ਸੀ ਤਾਂ ਵੀਡੀਓ ਪਾਕੇ ਇਸ ਫੈਕਟਰੀ ਨੂੰ ਬੰਦ ਕਰਨ ਲਈ ਕੂਕਦਾ ਸੀ। ਹੁਣ ਜਦੋਂ ਖੁਦ ਮੁੱਖ ਮੰਤਰੀ ਦੀ ਕੁਰਸੀ ਉੱਪਰ ਬਿਰਾਜਮਾਨ ਹੈ ਤਾਂ ਇੱਕ ਸ਼ਬਦ ਵੀ ਮੂੰਹੋਂ ਨਹੀਂ ਕੱਢ ਰਿਹਾ। ਉਲਟਾ ਹਾਈਕੋਰਟ ਦੇ ਹੁਕਮਾਂ ਦੇ ਬਹਾਨੇ ਤਹਿਤ ਸੰਘਰਸ਼ਸ਼ੀਲ ਕਾਫਲਿਆਂ ਨੂੰ ਆਗੂ ਰਹਿਤ ਕਰਨ ਅਤੇ ਦਹਿਸ਼ਤਜਦਾ ਕਰਨ ਲਈ ਪੁਲਿਸ ਪਰਚੇ ਦਰਜ ਕਰਕੇ ਜੇਲਾਂ ਵਿੱਚ ਸੁੱਟ ਰਿਹਾ ਹੈ। ਹੁਣ ਬੀਕੇਯੂ ਏਕਤਾ ਡਕੌਂਦਾ ਸਮੇਤ ਹੋਰਨਾਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰਕੇ ਇਸ ਸੰਘਰਸ਼ ਨੂੰ ਲਗਾਤਾਰ ਹਿਮਾਇਤ ਦੇਣ ਦਾ ਜੁਅਰਤਮੰਦ ਫੈਸਲਾ ਕੀਤਾ ਹੈ। ਆਗੂਆਂ ਕਿਹਾ ਕਿ ਅਸੀਂ ਸਨਅਤਾਂ ਦੇ ਵਿਰੋਧੀ ਨਹੀਂ, ਅਸੀਂ ਤਾਂ ਜਿਉਣਾ ਚਾਹੁੰਦੇ ਹਾਂ। ਜੇਕਰ ਕੋਈ ਸਨਅਤ ਹਵਾ, ਪਾਣੀ ਅਤੇ ਧਰਤ ਨੂੰ ਹੀ ਦੂਸ਼ਿਤ ਕਰ ਦੇਵੇ ਤਾਂ ਅਜਿਹੀ ਸਨਅਤ ਲਈ ਪੰਜਾਬ ਦੀ ਧਰਤੀ ਉੱਪਰ ਕੋਈ ਥਾਂ ਨਹੀਂ। ਬੱਚਾ-ਬੱਚਾ ਜੋ ਫਸਲਾਂ ਦੀ ਰਾਖੀ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਕਲ ਪਿਆ ਸੀ ਤਾਂ ਹੁਣ ਨਸਲਾਂ ਬਚਾਉਣ ਦੀ ਲੜਾਈ ਵਿੱਚ ਵੀ ਪਿੱਛੇ ਨਹੀਂ ਹਟਾਂਗੇ। ਬੁਲਾਰਿਆਂ ਨੇ ਕਿਹਾ ਕਿ ਇਸ ਸੰਘਰਸ਼ ਨੇ ਆਮ ਆਦਮੀ ਪਾਰਟੀ ਸਮੇਤ ਸਭਨਾਂ ਪਾਰਲੀਮਾਨੀ ਪਾਰਟੀਆਂ (ਅਕਾਲੀ, ਕਾਂਗਰਸ,ਭਾਜਪਾ,ਬੀਐਸਪੀ) ਦਾ ਵੀ ਪਰਦਾਚਾਕ ਕਰ ਦਿੱਤਾ ਹੈ। ਇੱਕ ਪਾਸੇ ਹੱਡ ਚੀਰਵੀਂ ਠੰਡ ਵਿੱਚ ਜੀਰਾ ਸਾਂਝਾ ਮੋਰਚਾ ਵਿੱਚ ਸੰਘਰਸ਼ ਵਿੱਚ ਜੁਝਾਰੂ ਕਾਫਲੇ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ ਤੇ ਦੂਜੇ ਪਾਸੇ ਹਾਕਮ ਜਮਾਤੀ ਪਾਰਟੀਆਂ ਦੇ ਲਾਣੇ ਦੀ ਜੁਬਾਨ ਠਾਕੀ ਗਈ ਹੈ।
Share the post "ਬੀਕੇਯੂ ਏਕਤਾ ਡਕੌਂਦਾ ਜਿਲ੍ਹਾ ਬਠਿੰਡਾ ਦਾ ਵੱਡਾ ਕਾਫ਼ਲਾ ਜ਼ੀਰਾ ਸਾਂਝਾ ਮੋਰਚੇ ਲਈ ਰਵਾਨਾ"