ਖੂਨਦਾਨ ਕੈਂਪ ਵਿੱਚ 22 ਵਿਅਕਤੀਆਂ ਨੇ ਕੀਤਾ ਸਵੈਇੱਛਾ ਨਾਲ ਖੂਨਦਾਨ
ਇਮਾਨਦਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਭਾਰਤ ਸਰਕਾਰ ਦੇ ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਭਿ੍ਰਸ਼ਟਾਚਾਰ ਵਿਰੋਧੀ ਸੁਨੇਹਾ ਦੇਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਮਿਤੀ 31.10.2022 ਤੋਂ 06-11-2022 ਤੱਕ ਦੇਸ਼ ਭਰ ਵਿੱਚ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਹਨਾਂ ਪ੍ਰੋਗਰਾਮਾਂ ਦੀ ਕੜੀ ਤਹਿਤ ਬੀਮਾ ਖੇਤਰ ਦੀ ਕੰਪਨੀ ਯੂਨਾਇਟੇਡ ਇੰਡੀਆ ਇਨਸ਼ੋਰੈਂਸ ਕੰਪਨੀ ਵੱਲੋਂ ਵੀ ਹਰ ਸੂਬੇ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਹਨ। ਪੰਜਾਬ ਭਰ ਵਿੱਚ ਚੀਫ ਰੀਜਨਲ ਮੈਨੇਜਰ ਸ਼੍ਰੀ ਯੂਪੀਐਸ ਗੁਜਰਾਲ ਦੀ ਅਗੁਵਾਈ ਵਿੱਚ ਵਿਜੀਲੈਂਸ ਅਧਿਕਾਰੀ ਸ਼੍ਰੀ ਨਰੇਸ਼ ਤਨੇਜਾ ਵੱਲੋਂ ਜਾਗਰੂਕਤਾ ਮੁਹਿੰਮ ਚਲਾ ਕੇ ਪਟਿਆਲਾ, ਬਠਿੰਡਾ ਅਤੇ ਮੋਗਾ ਵਿਖੇ ਵੱਡੇ ਪ੍ਰੋਗਰਾਮ ਕਰਵਾਕੇ ਲੋਕਾਂ ਨੂੰ ਭਿ੍ਰਸ਼ਟਾਚਾਰ ਖਿਲਾਫ ਲਾਮਬੰਦ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਅੱਜ ਬਠਿੰਡਾ ਵਿਖੇ ਚੌਕਸੀ ਜਾਗਰੂਕਤਾ ਸਪਤਾਹ ਨੂੰ ਲੈ ਕੇ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਕੰਪਨੀ ਦੇ ਚੀਫ ਰੀਜਨਲ ਮੈਨੇਜਰ ਸ਼੍ਰੀ ਗੁਜਰਾਲ ਨੇ ਕੀਤਾ। ਪ੍ਰੋਗਰਾਮ ਦਾ ਰਸਮੀਂ ਅਗਾਜ਼ ਸਾਰਿਆਂ ਵੱਲੋਂ ਖੜੇ ਹੋ ਕੇ ਇਮਾਨਦਾਰੀ ਦਾ ਵਾਅਦਾ ਕਰਨ ਅਤੇ ਸਦਾ ਇਮਾਨਦਾਰੀ ਦੇ ਉਚਤਮ ਮਿਆਰਾਂ ਪ੍ਰਤੀ ਬਚਨਵੱਧ ਰਹਿਣ ਨਾਲ ਕੀਤਾ ਗਿਆ। ਪ੍ਰੋਗਰਾਮ ਦੌਰਾਨ ਜਿੱਥੇ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਵੱਲੋਂ 22 ਯੂਨਿਟ ਖੂਨ ਇਕੱਤਰ ਕੀਤਾ ਗਿਆ, ਉਥੇ ਸਕੂਲ ਦੇ ਬੱਚਿਆਂ ਅਤੇ ਹੋਰ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕਰਕੇ ਭਿ੍ਰਸ਼ਟਾਚਾਰ ਨੂੰ ਮਿਟਾਕੇ ਦੇਸ਼ ਬਚਾਉਣ ਦਾ ਸੱਦਾ ਵੀ ਦਿੱਤਾ ਗਿਆ।ਤਰਕਸ਼ੀਲ ਸੁਸਾਇਟੀ ਵੱਲੋਂ ਜਾਦੂ ਦਾ ਸ਼ੋਅ ਕਰਕੇ ਬੱਚਿਆਂ ਵਿੱਚ ਵਿਗਿਆਨ ਸੋਚ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ।
ਸਮਾਗਮ ਵਿੱਚ ਵੱਖ- ਵੱਖ ਖੇਤਰਾਂ ਵਿੱਚ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਵਾਲੇ ਸਮਾਜ ਸੇਵਕਾਂ- ਸੁਸਾਇਟੀਆਂ ਅਤੇ ਵੱਖ-ਵੱਖ ਮਹਿਕਮਿਆਂ ਵਿੱਚ ਬੇਦਾਗ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਉਣ ਵਾਲੇ ਮੁਲਾਜਮਾਂ ਅਤੇ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼ਹਿਰ ਵਿੱਚ ਭਿ੍ਰਸ਼ਟਾਚਾਰ ਵਿਰੋਧੀ ਜਾਗਰੂਕਤਾ ਮਾਰਚ ਵੀ ਕੱਢਿਆ ਗਿਆ। ਜਿਸ ਨੂੰ ਸ਼੍ਰੀ ਗੁਜਰਾਲ ਅਤੇ ਸ਼੍ਰੀ ਬਲਦੇਵ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕੰਪਨੀ ਦੇ ਚੀਫ ਰੀਜਨਲ ਮੈਨੇਜਰ ਸ਼੍ਰੀ ਗੁਜਰਾਲ ਨੇ ਦੱਸਿਆ ਕਿ ਸਾਡੀ ਕੰਪਨੀ ਲੋਕਾਂ ਨੂੰ ਚੰਗੀਆਂ ਬੀਮਾ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਮਾਜਿਕ ਸੁਰੱਖਿਆ ਦੇ ਕੰਮਾਂ ਵਿੱਚ ਵੀ ਆਪਣੀ ਜਿੰਮੇਵਾਰੀ ਬੜੀ ਸ਼ਿੱਦਤ ਨਾਲ ਨਿਭਾ ਰਹੀ ਹੈ। ਜਿਸ ਤਹਿਤ ਪਿੰਡਾਂ- ਸਕੂਲਾਂ ਨੂੰ ਗੋਦ ਲੈਣਾ, ਖੂਨਦਾਨ, ਅੱਖਾਂ ਦਾਨ ਅਤੇ ਮੈਡੀਕਲ ਚੈਕਅੱਪ ਕੈਂਪ, ਪਾਰਕ ਬਨਾਉਣਾ ਆਦਿ ਜ਼ਿਕਰਯੋਗ ਹਨ। ਸ਼੍ਰੀ ਗੁਜਰਾਲ ਨੇ ਕੰਪਨੀ ਵੱਲੋਂ ਭਿ੍ਰਸ਼ਟਾਚਾਰ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਸ਼ਲਾਘਾ ਵੀ ਕੀਤੀ। ਅੰਤ ਵਿੱਚ ਬਠਿੰਡਾ ਡਵੀਜਨ ਦੇ ਸੀਨੀਅਰ ਡਵੀਜਨਲ ਮੈਨੇਜਰ ਬਲਦੇਵ ਸਿੰਘ ਨੇ ਪ੍ਰੋਗਰਾਮ ਵਿੱਚ ਸਹਿਯੋਗ ਕਰਨ ਲਈ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦੇ ਬਾਨੀ ਪਿ੍ਰੰਸੀਪਲ ਅਤੇ ਪਰਧਾਨ ਆਰਏਐਸਏ ਪੰਜਾਬ ਅਤੇ ਬਠਿੰਡਾ ਦੀਆਂ ਹੋਰ ਮਿਆਰੀ ਸੰਸਥਾਵਾਂ ਯੂਨਾਇਟੇਡ ਵੈਲਫੇਅਰ ਸੁਸਾਇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਅੱਪੂ ਆਰਟ ਸੁਸਾਇਟੀ ਅਤੇ ਹੋਰ ਸਹਿਯੋਗੀ ਅਤੇ ਕੰਪਨੀ ਦੇ ਅਧਿਕਾਰੀਆਂ- ਕਰਮਚਾਰੀਆਂ ਦਾ ਧੰਨਵਾਦ ਕੀਤਾ।
Share the post "ਬੀਮਾ ਕੰਪਨੀ ਯੂਨਾਇਟੇਡ ਇੰਡੀਆ ਇਨਸ਼ੋਰੈਂਸ ਕੰਪਨੀ ਨੇ ਮਨਾਇਆ ਚੌਕਸੀ ਜਾਗਰੂਕਤਾ ਹਫ਼ਤਾ"