ਪਹਿਲਾਂ ਗੁਲਾਬੀ ਸੁੰਡੀ ਤੇ ਹੁਣ ਮੀਂਹ ਨੇ ਫ਼ਸਲਾਂ ਦਾ ਕੀਤਾ ਭਾਰੀ ਨੁਕਸਾਨ
ਮੰਡੀਆਂ ਵਿਚ ਵਿਕਣ ਲਈ ਆਇਆ ਨਰਮਾ ਤੇ ਝੋਨਾ ਪਾਣੀ ’ਚ ਭਿੱਜਿਆ
ਸੁਖਜਿੰਦਰ ਮਾਨ
ਬਠਿੰਡਾ, 5 ਅਕਤੂਬਰ : ਬੀਤੀ ਦੇਰ ਸ਼ਾਮ ਆਏ ਭਾਰੀ ਝੱਖੜ ਤੇ ਮੀਂਹ ਨੇ ਮਾਲਵਾ ਪੱਟੀ ਦੇ ਲੱਖਾਂ ਕਿਸਾਨਾਂ ਦੇ ਅਰਮਾਨਾਂ ਉਪਰ ਪਾਣੀ ਫ਼ੇਰ ਦਿੱਤਾ। ਪਹਿਲਾਂ ਹੀ ਗੁਲਾਬੀ ਸੁੰਡੀ ਤੇ ਬੇਮੌਸਮੀ ਬਾਰਸਾਂ ਦੇ ਝੰਬੇ ਇੰਨ੍ਹਾਂ ਕਿਸਾਨਾਂ ਉਪਰ ਇਹ ਝੱਖੜ ਤੇ ਮੀਂਹ ਕਹਿਰ ਬਣ ਕੇ ਝੁੱਲਿਆਂ, ਜਿਸਦੇ ਨਾਲ ਹਜ਼ਾਰਾਂ ਏਕੜ ਰਕਬੇ ਵਿਚ ਨਰਮੇ ਤੇ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ। ਇਸਦੇ ਨਾਲ ਹੀ ਮੰਡੀਆਂ ਵਿਚ ਵਿਕਣ ਲਈ ਆਇਆ ਨਰਮਾ ਤੇ ਝੌਨਾ ਵੀ ਪਾਣੀ ਵਿਚ ਬਹਿ ਗਿਆ। ਮੰਡੀਕਰਨ ਦੇ ਅਧੂਰੇ ਪ੍ਰਬੰਧਾਂ ਕਾਰਨ ਕਿਸਾਨਾਂ ਦੇ ਪੱਲੇ ਵੱਡੀ ਨਿਰਾਸਾ ਪਈ ਹੈ। ਮੌਸਮ ਵਿਭਾਗ ਦੇ ਮਾਹਰਾਂ ਨੇ ਦਸਿਆ ਕਿ ਬਠਿੰਡਾ ਬਲਾਕ ’ਚ ਕਰੀਬ 70 ਐਮ.ਐਮ ਬਾਰਸ਼ ਹੋਈ ਹੈ। ਸੂਚਨਾ ਮੁਤਾਬਕ ਬਠਿੰਡਾ ਤੇ ਮਾਨਸਾ ਬਲਾਕਾਂ ਵਿਚ ਸਭ ਤੋਂ ਵੱਧ ਵਰਖਾ ਦੇਖਣ ਨੂੰ ਮਿਲੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਮੰਨਿਆਂ ਹੈ ਕਿ ਭਾਰੀ ਝੱਖੜ ਕਾਰਨ ਝੌਨੇ ਦੀ ਜਿਆਦਾਤਰ ਫ਼ਸਲ ਧਰਤੀ ’ਤੇ ਵਿਛ ਗਈ, ਜਿਸ ਕਾਰਨ ਨਾ ਸਿਰਫ਼ ਕਟਾਈ ਵਿਚ ਦੇਰੀ ਹੋਵੇਗੀ, ਬਲਕਿ ਦਾਣਾ ਵੀ ਬਦਰੰਗ ਹੋ ਜਾਵੇਗਾ। ਇਸੇ ਤਰ੍ਹਾਂ ਪਹਿਲਾਂ ਹੀ ਗੁਲਾਬੀ ਸੁੰਡੀ ਕਾਰਨ ਖੋਖਲੇ ਹੋ ਚੁੱਕੇ ਨਰਮੇ ਦੀ ਫ਼ਸਲ ਦੇ ਟੀਂਢੇ ਹੋਰ ਖ਼ਰਾਬ ਜਾਣਗੇ ਤੇ ਨਰਮੇ ਦੇ ਫੁੱਟ ਕੋਡੀਆਂ ਬਣ ਜਾਣਗੇ। ਕਿਸਾਨਾਂ ਮੁਤਾਬਕ ਇਸ ਭਾਰੀ ਮੀਂਹ ਨੇ ਪੱਕਣ ’ਤੇ ਤਿਆਰ ਫਸਲ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ। ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਦਸਿਆ ਕਿ ਰਾਮਾ ਪੱਟੀ ’ਚ ਇਸ ਮੀਂਹ ਕਾਰਨ ਵੱਡਾ ਨੁਕਸਾਨ ਹੋਇਆ ਹੈ। ਕਿਸਾਨ ਜਸਵੀਰ ਸਿੰਘ ਬੁਰਜ ਸੇਮਾ ਨੇ ਦਾਅਵਾ ਕੀਤਾ ਕਿ ਫ਼ਸਲ ਸਿੱਲੀ ਹੋਣ ਕਾਰਨ ਪੱਕਣ ਵਿਚ ਹੋਰ ਦੇਰੀ ਹੋ ਜਾਵੇਗੀ। ਸੂਚਨਾ ਮੁਤਾਬਕ ਪਿੰਡ ਚੁੱਘਾ, ਝੂੰਬਾ, ਤਿਉਣਾ ਘੁੱਦਾ, ਬਾਹੋਂ, ਕੋਟਲੀ ਸਰਦਾਰਗੜ੍ਹ, ਦੌਲਾ, ਸਿਵੀਆਂ, ਮਹਿਮਾ ਸਰਜਾ,ਮਹਿਮਾ ਸਰਕਾਰੀ, ਰਾਮਪੁਰਾ ਹਲਕੇ ਵਿੱਚ ਸੰਦੋਹਾ, ਉੱਭੇ, ਬੱਲੋ, ਜ਼ੈਦ, ਮੰਡੀਕਲਾਂ, ਖੋਖਰ,ਮੌੜ, ਤਲਵੰਡੀ ਸਾਬੋ, ਸੰਗਤ ਖੇਤਰ ਵਿੱਚ ਫਸਲਾਂ ਵਿੱਛ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਦਸਿਆ ਕਿ ਨਰਮਾ ਪੱਟੀ ਦੇ ਕਿਸਾਨ ਪਹਿਲਾਂ ਹੀ ਗੁਲਾਬੀ ਸੁੰਡੀ ਕਾਰਨ ਤਬਾਹੀ ਦੇ ਕੰਢੇ ’ਤੇ ਪੁੱਜ ਚੁੱਕੇ ਹਨ। ਉਧਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਖੇਤੀਬਾੜੀ ਵਿਭਾਗ ਵਲੋਂ ਇਕੱਤਰ ਅੰਕੜਿਆਂ ਮੁਤਾਬਕ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ 50 ਫ਼ੀਸਦੀ ਤੋਂ ਵੱਧ ਨਰਮੇ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ। ਬਠਿੰਡਾ ’ਚ ਇਸ ਵਾਰ 96 ਹਜ਼ਾਰ ਤੇ ਮਾਨਸਾ ਜ਼ਿਲ੍ਹੇ ਵਿਚ 64 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਈ ਹੋਈ ਸੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਹਨੀ ਨੇ ਐਲਾਨ ਕੀਤਾ ਕਿ ਬੀਤੇ ਕੱਲ ਦੇ ਨੁਕਸਾਨ ਦੀ ਵਿਸੇਸ ਗਿਰਦਾਵਰੀ ਕਰਵਾਉਣ ਲਈ ਕਿਸਾਨਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲੇਗਾ। ਉਧਰ ਸਥਾਨਕ ਮੰਡੀ ’ਚ ਵਿਕਣ ਲਈ ਆਏ ਨਰਮੇ ਤੇ ਝੋਨੇ ਦੇ ਹੋਏ ਨੁਕਸਾਨ ਲਈ ਮੰਡੀਕਰਨ ਬੋਰਡ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋ ਕਾਰਵਾਈ ਦੀ ਮੰਗ ਕੀਤੀ ਹੈ। ਮੰਡੀ ਦਾ ਦੌਰਾ ਕਰਨ ਦੌਰਾਨ ਕਿਸਾਨਾਂ ਨੇ ਦਸਿਆ ਕਿ ਬੀਤੇ ਕੱਲ ਉਨ੍ਹਾਂ ਦੇ ਨਰਮੇ ਦੀ ਬੋਲੀ ਲੱਗ ਚੁੱਕੀ ਹੈ ਪ੍ਰੰਤੂ ਤੁਲਾਈ ਹੋ ਕੇ ਇਸਨੂੰ ਚੁਕਵਾਇਆ ਨਹੀਂ ਗਿਆ, ਜਿਸ ਕਾਰਨ ਮੀਂਹ ਵਿਚ ਨਰਮਾ ਪਾਣੀ ਵਿਚ ਤਰ ਗਿਆ। ਉਧਰ ਜ਼ਿਲਾ ਮੰਡੀ ਅਧਿਕਾਰੀਆਂ ਨੇ ਦਸਿਆ ਕਿ ਮੰਡੀ ਦੇ ਸੈਡ ਨੂੰ ਖ਼ਾਲੀ ਕਰਵਾਇਆ ਜਾ ਚੁੱਕਾ ਹੈ ਤੇ ਹੁਣ ਫ਼ਸਲ ਇੱਥੇ ਹੀ ਸੁਟਵਾਈ ਜਾਵੇਗੀ।
ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੇ ਅਰਮਾਨਾਂ ’ਤੇ ਪਾਣੀ ਫ਼ੇਰਿਆ
35 Views