ਐਸ.ਪੀ ਹੈਡਕੁਆਟਰ ਬਣਾਏ ਨੋਡਲ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਜੋਰਾਂ ’ਤੇ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ : ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਸੂਬੇ ਦੇ ਕਈ ਹਿੱਸਿਆਂ ’ਚ ਹੜ੍ਹਾਂ ਵਰਗੇ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਥਿਤੀ ’ਤੇ ਅਗਾਊਂ ਕਾਬੂ ਪਾਉਣ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਸਬੰਧ ਵਿਚ ਜਿੱਥੇ ਉਚ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਹੇਠਲੇ ਪੱਧਰ ’ਤੇ ਤਾਲਮੇਲ ਰੱਖਿਆ ਜਾ ਰਿਹਾ ਹੈ, ਉਥੇ ਨਹਿਰਾਂ ਤੇ ਕੱਸੀਆਂ ਨੂੰ ਟੁੱਟਣ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਨੇ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ। ਇੰਨ੍ਹਾਂ ਹਿਦਾਇਤਾਂ ਤਹਿਤ ਜੇਕਰ ਕੋਈ ਕਿਸਾਨ ਜਾਂ ਕੋਈ ਹੋਰ ਵਿਅਕਤੀ ਅਪਣੇ ਖੇਤ ’ਚ ਪਾਣੀ ਜਾਣ ਤੋਂ ਰੋਕਣ ਲਈ ਬੰਨ੍ਹ ਮਾਰ ਕੇ ਉਸਦਾ ਬਹਾਅ ਬਦਲਣ ਦੀ ਕੋਸ਼ਿਸ ਕਰੇਗਾ ਤਾਂ ਉਸਦੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਦਸਿਆ ਕਿ ‘‘ ਇਸ ਸਬੰਧ ਵਿਚ ਪਿੰਡਾਂ ਵਿਚ ਮੁਨਿਆਦੀ ਕਰਵਾਈ ਜਾ ਰਹੀ ਹੈ ਤੇ ਨਾਲ ਹੀ ਥਾਣਾ ਮੁਖੀਆਂ, ਤਹਿਸੀਲਦਾਰਾਂ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਹੇਠਲੇ ਪੱਧਰ ਤੱਕ ਟੀਮਾਂ ਬਣਾਈਆਂ ਗਈਆਂ ਹਨ। ’’ ਉਨ੍ਹਾਂ ਦਸਿਆ ਕਿ ਪਾਣੀ ਨੂੰ ਰੋਕਣ ਅਤੇ ਉਸਦੇ ਬਹਾਅ ਨੂੰ ਬਦਲਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਐਸ.ਪੀ ਹੈਡਕੁਆਟਰ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ ਤੇ ਜਦ ਵੀ ਇਸ ਸਬੰਧ ਵਿਚ ਕੋਈ ਸਿਕਾਇਤ ਪੁੱਜੇਗੀ ਤੁਰੰਤ ਕਾਰਵਾਈ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹੇ ਵਿਚੋਂ ਗੁਜਰਨ ਵਾਲੀਆਂ ਦੋ ਨਹਿਰਾਂ ਕੋਟਲਾ ਬ੍ਰਾਂਚ ਅਤੇ ਬਠਿੰਡਾ ਨਹਿਰ ਵਿਚ ਅੱਜ ਸਾਮ ਤੱਕ ਪਾਣੀ ਅਪਣੀ ਸਮਰੱਥਾ ਤੋਂ ਵੱਧ ਤੱਕ ਪਹੁੰਚ ਗਿਆ ਹੈ, ਕਿਉਂਕਿ ਪਿਛਲੇ ਖੇਤਰਾਂ ਵਿਚ ਹੜ ਆ ਜਾਣ ਕਾਰਨ ਹੁਣ ਇੰਨ੍ਹਾਂ ਨਹਿਰਾਂ ਵਿਚ ਪਾਣੀ ਪੂਰਾ ਛੱਡ ਦਿੱਤਾ ਗਿਆ ਹੈ ਅਤੇ ਅੱਗੇ ਇਹ ਪਾਣੀ ਸੂਇਆ ਅਤੇ ਕੱਸੀਆਂ ਦੇ ਰਾਹੀਂ ਖੇਤਾਂ ਤੱਕ ਪੁੱਜਣਾ ਹੈ। ਪ੍ਰਸਾਸਨ ਨੂੰ ਖ਼ਦਸਾ ਹੈ ਕਿ ਜੇਕਰ ਕਿਸਾਨਾਂ ਨੇ ਸਨੀਵਾਰ ਨੂੰ ਹੋਏ ਭਰਵੇਂ ਮੀਂਹ ਅਤੇ ਸੰਭਾਵੀਂ ਮੀਂਹ ਨੂੰ ਦੇਖਦਿਆਂ ਕੱਸੀਆਂ ਤੇ ਖਾਲਿਆਂ ਵਿਚ ਰੁਕਾਵਟਾਂ ਪੈਦਾ ਕਰ ਦਿੱਤੀਆਂ ਤਾਂ ਇਸਦੇ ਨਾਲ ਨਹਿਰਾਂ ਟੁੱਟਣ ਦਾ ਖ਼ਦਸਾ ਪੈਦਾ ਹੋ ਜਾਵੇਗਾ। ਜਿਸਦੇ ਚੱਲਦੇ ਪ੍ਰਸਾਸਨ ਦਾ ਸਾਰਾ ਧਿਆਨ ਪਾਣੀ ਨੂੰ ਅਖੀਰ ਤੱਕ ਪਹੁੰਚਾਉਣ ਤੱਕ ਲੱਗਿਆ ਹੋਇਆ ਹੈ। ਇਸਦੇ ਲਈ ਨਹਿਰੀ ਤੇ ਖੇਤੀ ਵਿਭਾਗ ਤੋਂ ਇਲਾਵਾ ਦੂਜੇ ਵਿਭਾਗਾਂ ਨੂੰ ਵੀ ਨਾਲ ਜੋੜ ਕੇ ਟੀਮਾਂ ਬਣਾਈਆਂ ਗਈਆਂ ਹਨ। ਇਸਤੋਂ ਇਲਾਵਾ ਬਠਿੰਡਾ ਸ਼ਹਿਰ ਅਤੇ ਹੋਰਨਾਂ ਸ਼ਹਿਰਾਂ ਵਿਚ ਪਾਣੀ ਦੀ ਨਿਕਾਸੀ ਲਈ ਅਲੱਗ ਤੋਂ ਟੀਮਾਂ ਬਣਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲ੍ਹੇ ਵਿਚ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਸਨੀਵਾਰ ਨੂੰ ਆਏ ਭਾਰੀ ਮੀਂਹ ਕਾਰਨ ਬੇਸ਼ੱਕ ਸ਼ਹਿਰ ਦੇ ਕੁੱਝ ਹਿੱਸਿਆਂ ਵਿਚ ਪਾਣੀ ਜਰੂਰ ਭਰ ਗਿਆ ਸੀ ਪ੍ਰੰਤੂ ਉਹ ਦੇਰ ਰਾਤ ਜਾਂ ਸਵੇਰ ਤੱਕ ਕਲੀਅਰ ਹੋ ਗਿਆ ਸੀ। ਮੰਡੀਆਂ ਤੇ ਕਸਬਿਆਂ ਵਿਚ ਵੀ ਸਥਿਤੀ ਹਾਲੇ ਤੱਕ ਠੀਕ ਹੈ। ਹਾਲਾਂਕਿ ਬਠਿੰਡਾ ਸ਼ਹਿਰ ਨੂੰ ਮਾਨਸਾ ਤੇ ਤਲਵੰਡੀ ਸਾਬੋ ਨਾਲ ਜੋੜਣ ਵਾਲੇ ਜੱਸੀ ਅੰਡਰ ਬ੍ਰਿਜ ਵਿਚ ਜਲ ਭਰਾਅ ਦੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਦਸਿਆ ਕਿ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਜਿੱਥੇ ਐਨਡੀਆਰਐਫ਼ ਟੀਮਾਂ ਨੂੰ ਚੌਕੰਨੇ ਰਹਿਣ ਲਈ ਕਿਹਾ ਗਿਆ ਹੈ, ਉਥੇ ਸਮਾਜ ਸੇਵੀਆਂ ਤੇ ਹੋਰਨਾਂ ਵਲੰਟੀਅਰਾਂ ਨਾਲ ਵੀ ਤਾਲਮੇਲ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਲਈ ਜਾ ਸਕਦੀਆਂ ਹਨ ਜਦੋਂਕਿ ਨਹਿਰ, ਸੂਆ ਜਾਂ ਕੱਸੀ ਟੁੱਟਣ ਦੀ ਨੌਬਤ ਆਉਣ ’ਤੇ ਨਹਿਰੀ ਵਿਭਾਗ ਵਲੋਂ ਖ਼ਦਸੇ ਵਾਲੇ ਥਾਵਾਂ ‘ਤੇ ਕਰੀਬ ਪੰਜ ਹਜ਼ਾਰ ਮਿੱਟੀ ਦੀਆਂ ਬੋਰੀਆਂ ਭਰ ਕੇ ਰੱਖੀਆਂ ਗਈਆਂ ਹਨ। ਡੀਸੀ ਨੇ ਦਾਅਵਾ ਕੀਤਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਪ੍ਰੰਤੂ ਜ਼ਿਲ੍ਹਾ ਵਾਸੀਆਂ ਨੂੰ ਚੌਕੰਨੇ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਿਯੋਗ ਕਰਨ ਦੀ ਬਹੁਤ ਜਰੂਰਤ ਹੈ।
ਬਾਕਸ
ਕਈ ਰੇਲ੍ਹ ਗੱਡੀਆਂ ਰੱਦ, ਸਕੂਲਾਂ ਵਿਚ ਹੋਈਆਂ ਛੁੁੱਟੀਆਂ
ਬਠਿੰਡਾ: ਸੂਬੇ ’ਚ ਪਾਣੀ ਕਾਰਨ ਪੈਦਾ ਹੋਈ ਭਿਆਨਕ ਸਥਿਤੀ ਦੇ ਕਾਰਨ ਜਿੱਥੇ ਪੰਜਾਬ ਸਰਕਾਰ ਵਲੋਂ 13 ਜੁਲਾਈ ਤੱਕ ਸੂਬੇ ਦੇ ਸਰਕਾਰੀ, ਗੈਰ ਸਰਕਾਰੀ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਹਨ, ਉਥੇ ਰੇਲਵੇ ਵਿਭਾਗ ਨੇ ਵੀ ਦਰਜ਼ਨਾਂ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ ਜਾਂ ਫ਼ਿਰ ਕਈਆਂ ਦੇ ਰੂਟ ਛੋਟੇ ਕਰ ਦਿੱਤੇ ਗਏ ਹਨ। ਇਹ ਵੀ ਪਤਾ ਚੱਲਿਆ ਹੈ ਕਿ ਜ਼ਿਲ੍ਹੇ ਵਿਚ ਸਥਿਤੀ ’ਤੇ ਨਿਗ੍ਹਾਂ ਬਣਾਈ ਰੱਖਣ ਲਈ ਠੀਕਰੀ ਪਹਿਰੇ ਵੀ ਲਗਾਉਣ ਦੇ ਹੁਕਮ ਦਿੱਤੇ ਜਾ ਰਹੇ ਹਨ ਤਾਂ ਕਿ ਕੋਈ ਸਰਾਰਤੀ ਅਨਸਰ ਗੜਬੜੀ ਨਾ ਕਰੇ ਤੇ ਨਾਲ ਹੀ ਕੋਈ ਘਟਨਾ ਵਾਪਰਨ ’ਤੇ ਤੁਰੰਤ ਉਸਦੀ ਜਾਣਕਾਰੀ ਮਿਲ ਜਾਵੇ।
Share the post "ਬੰਨ੍ਹ ਮਾਰ ਕੇ ਪਾਣੀ ਦੇ ਬਹਾਅ ਨੂੰ ਬਦਲਣ ਵਾਲਿਆਂ ਵਿਰੁਧ ਹੋਣਗੇ ਪਰਚੇ ਦਰਜ਼: ਡੀਸੀ"