ਸੁਖਜਿੰਦਰ ਮਾਨ
ਚੰਡੀਗੜ੍ਹ, 23 ਅਪ੍ਰੈਲ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਉਨ੍ਹਾਂ ਵੱਲ ਬਕਾਏ ਖੜੇ ਟੈਕਸ ਨੂੰ ਬਿਨ੍ਹਾਂ ਜੁਰਮਾਨੇ ਦੇ ਅਗਲੇ ਤਿੰਨ ਮਹੀਨਿਆਂ ’ਚ ਭਰਨ ਲਈ ਸਕੀਮ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਟਰਾਂਸਪੋਰਟਰ ਕਰੋਨਾ ਕਾਲ ਕਾਰਨ ਟੈਕਸ ਨਹੀਂ ਭਰ ਸਕੇ ਸਨ, ਉਨ੍ਹਾਂ ਨੂੰ ਰਾਹਤ ਦੇਣ ਲਈ ਇਹ ਸਕੀਮ ਲਿਆਂਦੀ ਗਈ ਹੈ। ਇਸ ਸਕੀਮ ਤਹਿਤ ਉਹ 25 ਅਪ੍ਰੈਲ ਤੋਂ ਅਗਲੇ 3 ਮਹੀਨਿਆਂ ਤਕ ਬਿਨਾਂ ਜੁਰਮਾਨੇ ਜਾਂ ਏਰੀਅਰ ਅਪਣੇ ਬਕਾਇਆ ਟੈਕਸ ਭਰ ਸਕਣਗੇ। ਮੁੱਖ ਮੰਤਰੀ ਨੇ ਜਾਰੀ ਟਵੀਟ ਵਿਚ ਕਿਹਾ ਕਿ ਟਰਾਂਸਪੋਰਟ ਸੂਬੇ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਤੇ ਸਰਕਾਰ ਵੀ ਉਨ੍ਹਾਂ ਦੇ ਨਾਲ ਖੜੀ ਹੈ।
ਬਾਕਸ
ਐਮਨੇਸਟੀ ਯੋਜਨਾ ਨਾਲ ਛੋਟੇ ਟਰਾਂਸਪੋਰਟਾਂ ਨੂੰ ਮਿਲੇਗੀ ਰਾਹਤ: ਮਾਲਵਿੰਦਰ ਸਿੰਘ ਕੰਗ
ਮਾਨ ਸਰਕਾਰ ਵੱਲੋਂ ਐਮਨੇਸਟੀ ਯੋਜਨਾ ਨੂੰ ਫਿਰ ਤੋਂ ਲਾਗੂ ਕਰਨ ’ਤੇ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਫ਼ੈਸਲਾ ਸਵਾਗਤਯੋਗ ਹੈ। ਇਸ ਨਾਲ ਛੋਟੇ ਟਰਾਂਸਪੋਟਰਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਬਿਨਾ ਕਿਸੇ ਜ਼ੁਰਮਾਨੇ ਤੋਂ ਟੈਕਸ ਭਰਨ ਦਾ ਇੱਕ ਹੋਰ ਮੌਕਾ ਮਿਲੇਗਾ। ਇਸ ਯੋਜਨਾ ਨਾਲ ਰਾਜ ਦਾ ਖਜਾਨਾ ਭਰੇਗਾ, ਜਿਸ ਨਾਲ ਟਰਾਂਸਪੋਟਰਾਂ ਲਈ ਕਲਿਆਣਕਾਰੀ ਯੋਜਨਾ ਬਣਾਈ ਜਾ ਸਕੇਗੀ। ਐਮਨੇਸਟੀ ਯੋਜਨਾ 25 ਅਪ੍ਰੈਲ 2022 ਤੋਂ 24 ਜੁਲਾਈ 2022 ਤੱਕ ਤਿੰਨ ਮਹੀਨੇ ਲਈ ਹੋਵੇਗੀ। ਇਸ ਐਲਾਨ ਤਹਿਤ ਕੋਰੋਨਾ ਵਾਇਰਸ ਅਤੇ ਲੌਕਡਾਊਨ ਕਾਰਨ ਟੈਕਸ ਨਾ ਭਰ ਸਕਣ ਵਾਲੇ ਟਰਾਂਸਪੋਟਰਾਂ ਨੂੰ ਬਿਨਾਂ ਕਿਸੇ ਜੁਰਮਾਨੇ ਤੋਂ ਮੋਟਰ ਟੈਕਸ ਭਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ।
Share the post "ਭਗਵੰਤ ਮਾਨ ਸਰਕਾਰ ਦਾ ਤੋਹਫ਼ਾ: ਟ੍ਰਾਂਸਪੋਟਰ ਤਿੰਨ ਮਹੀਨਿਆਂ ‘ਚ ਬਿਨ੍ਹਾਂ ਜੁਰਮਾਨੇ ਅਦਾ ਕਰ ਸਕਦੇ ਹਨ ਬਕਾਇਆ ਟੈਕਸ"