ਸੁਖਜਿੰਦਰ ਮਾਨ
ਚੰਡੀਗੜ੍ਹ, 2 ਜਨਵਰੀ: ਪਿਛਲੇ ਕਈ ਸਾਲਾਂ ਤੋਂ ਬਾਦਲਾਂ ਵਿਰੁਧ ਮੋਰਚਾ ਖੋਲੀ ਬੈਠੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਦੀਆਂ ਇੰਨ੍ਹੀਂ ਦਿਨੀਂ ਭਾਜਪਾ ਨਾਲ ਵਧ ਰਹੀਆਂ ਨਜਦੀਕੀਆਂ ਦੀਆਂ ਪੰਥਕ ਸਫ਼ਾਂ ’ਚ ਚਰਚਾਵਾਂ ਹਨ। ਚਰਚਾ ਮੁਤਾਬਕ ਕਈ ਭਾਜਪਾ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਦਾਦੂਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਲਾਕਾਤ ਦਾ ਵੀ ਸਮਾਂ ਮੰਗਿਆ ਹੈ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਉਹ ਕਈ ਵਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਸੁਰ ਭਾਜਪਾ ਪ੍ਰਤੀ ਨਰਮ ਦਿਖ਼ਾਈ ਦੇ ਰਹੀ ਹੈ। ਸੂਤਰਾਂ ਨੇ ਇਹ ਵੀ ਦਸਿਆ ਹੈ ਕਿ ਪੰਜਾਬ ’ਚ ਭਾਜਪਾ ਨਾਲ ਗਠਜੋੜ ਕਰਨ ਵਾਲੇ ਸੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਭਾਈ ਦਾਦੂਵਾਲ ਮਿਲਕੇ ਚੱਲ ਰਹੇ ਹਨ। ਹਾਲਾਂਕਿ ਉਨ੍ਹਾਂ ਇਸ ਗੱਲ ਦੀ ਕਦੇ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਚਰਚਾਵਾਂ ਤਾਂ ਇਹ ਵੀ ਸੁਣਾਈ ਦੇ ਰਹੀਆਂ ਹਨ ਕਿ ਪੰਥਕ ਹਲਕਿਆਂ ਤੋਂ ਬਾਅਦ ਦਾਦੂਵਾਲ ਸਿਆਸੀ ਖੇਤਰ ’ਚ ਵਿਚਰਨ ਦੀ ਇੱਛਾ ਰੱਖ ਰਹੇ ਹਨ। ਇੱਥੇ ਜਿਕਰ ਕਰਨਾ ਬਣਦਾ ਹੈ ਕਿ 2007 ’ਚ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਵਾਂਗ ਸਵਾਗ ਰਚਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੌਰਾਨ ਭਾਈ ਦਾਦੂਵਾਲ ਪੰਥਕ ਆਗੂ ਵਜੋਂ ੳੁਭਰ ਕੇ ਸਾਹਮਣੇ ਆਏ ਸਨ। ਉਸ ਸਮੇਂ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਖ਼ਾਸਕਰ ਸੁਖਬੀਰ ਸਿੰਘ ਬਾਦਲ ਨਾਲ ਸਿੱਧਾ ਟਕਰਾਅ ਸ਼ੁਰੂ ਹੋਇਆ ਸੀ, ਜਿਹੜਾ ਇੱਕ ਵਾਰ ਘਟਿਆ ਵੀ ਪ੍ਰੰਤੂ ਮੁੜ ਦੋਨਾਂ ਧਿਰਾਂ ਵਿਚਕਾਰ ਦੂਰੀਆਂ ਬਣ ਗਈਆਂ। ਸੂਤਰਾਂ ਮੁਤਾਬਕ ਹਰਿਆਣਾ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਅਕਾਲੀ ਦਲ ਬਾਦਲ ਨਾਲ ਦਾਦੂਵਾਲ ਦੀ ਦੂਰੀ ਬਰਕਰਾਰ ਰਹੀ, ਪ੍ਰੰਤੂ ਭਾਜਪਾ ਆਗੂਆਂ ਨਾਲ ਨੇੜਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੌਜੂਦਾ ਸਮੇਂ ਦੇਸ ਤੇ ਪੰਜਾਬ ਦੇ ਸਿੱਖ ਭਾਈਚਾਰੇ ’ਚ ਅਪਣੀ ਥਾਂ ਬਣਾਉਣ ਲਈ ਜਦੋ-ਜਹਿਦ ਕਰ ਰਹੀ ਭਾਜਪਾ ਨੂੰ ਪੰਥਕ ਚਿਹਰਿਆਂ ਦੀ ਵੱਡੀ ਲੋੜ ਹੈ, ਅਜਿਹੇ ਵਿਚ ਭਾਜਪਾ ਵੀ ਦਾਦੂਵਾਲ ਪ੍ਰਤੀ ਨਰਮਗੋਸ਼ਾ ਰੱਖ ਰਹੀ ਹੈ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਦਾਦੂਵਾਲ ਭਾਜਪਾ ਦਾ ਸਹਿਯੋਗ ਕਰਨ ਦੀ ਅਪੀਲ ਵੀ ਕਰ ਸਕਦੇ ਹਨ।
ਬਾਕਸ
ਸਿੱਖ ਮੰਗਾਂ ਸਵੀਕਾਰ ਕਰਨ ‘ਤੇ ਭਾਜਪਾ ਨਾਲ ਕੋਈ ਵਿਰੋਧ ਨਹੀਂ: ਦਾਦੂਵਾਲ
ਬਠਿੰਡਾ: ਉਧਰ ਸੰਪਰਕ ਕਰਨ ‘ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ‘‘ ਭਾਜਪਾ ਜਾਂ ਕਿਸੇ ਹੋਰ ਸਿਆਸੀ ਪਾਰਟੀ ਨਾਲ ਉਨ੍ਹਾਂ ਦੀ ਵੱਟ ਦੀ ਲੜਾਈ ਨਹੀਂ, ਪ੍ਰੰਤੂ ਜੇਕਰ ਭਾਜਪਾ ਸਿੱਖਾਂ ਦੀਆਂ ਮੰਗਾਂ ਪੂਰੀਆਂ ਕਰਦੀ ਹੈ ਤਾਂ ਸਹਿਯੋਗ ਕਰਨ ਵਿਚ ਵੀ ਕੋਈ ਝਿਜਕ ਨਹੀਂ। ’’ ਸਿੱਖ ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਤੋਂ ਇਲਾਵਾ ਗਿਆਨ ਗੋਦੜੀ ਗੁਰਦੂਆਰਾ ਸਾਹਿਬ ਦੀ ਮੁੜ ਉਸਾਰੀ, ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ, ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਕੌਮੀ ਪੱਧਰ ’ਤੇ ਬਾਲ ਦਿਵਸ ਵਜੋਂ ਮਨਾਉਣ ਦੇ ਨਾਲ ਪੰਜਾਬ ਦਾ ਕਰਜ਼ਾ ਮੁਆਫ਼ ਕਰਨ ਤੇ ਉਦਯੋਗਿਕ ਪੈਕੇਜ਼ ਦੇਣ ਬਾਰੇ ਵੀ ਕਿਹਾ। ਭਾਈ ਦਾਦੂਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਇੰਨਾਂ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ।
ਭਾਈ ਦਾਦੂਵਾਲ ਦੀਆਂ ਭਾਜਪਾ ਨਾਲ ਵਧਦੀਆਂ ਨਜਦੀਕੀਆਂ ਦੀ ਪੰਥਕ ਸਫ਼ਾਂ ’ਚ ਚਰਚਾ
6 Views