ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਉਮੀਦਵਾਰ ਰਵੀਪ੍ਰੀਤ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਭਾਜਪਾ ਤਲਵੰਡੀ ਸਾਬੋ ਦੇ ਪੁਰਾਣੇ ਅਤੇ ਟਕਸਾਲੀ ਆਗੂ ਸ੍ਰੀ ਮੋਹਨ ਲਾਲ ਸ਼ਰਮਾਂ ਨੇ ਆਪਣੇ ਪਰਿਵਾਰ ਸਮੇਤ ਸ ਸਿੱਧੂ ਦੇ ਚੋਣ ਪ੍ਰਚਾਰ ਵਿੱਚ ਮੋਹਰੀ ਹੋ ਕੇ ਚੱਲਣ ਦਾ ਐਲਾਨ ਕਰ ਦਿੱਤਾ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ ਸਿੱਧੂ ਨੇ ਕਿਹਾ ਕਿ ਭਾਜਪਾ ਹੀ ਸਿਰਫ਼ ਅਜਿਹੀ ਪਾਰਟੀ ਹੈ ਜਿਸਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਧਾਰਾ 370 ਹਟਾ ਕੇ ਜਿੱਥੇ ਕਸ਼ਮੀਰ ਵਿੱਚ ਅੱਤਵਾਦ ਨੂੰ ਠੱਲ ਪਾਈ ਉੱਥੇ ਤਿੰਨ ਤਲਾਕ ਵਰਗੇ ਮੁੱਦੇ ਨੂੰ ਹੱਲ ਕਰਕੇ ਸਾਡੀਆਂ ਬਹੁਤ ਸਾਰੀਆਂ ਮੁਸਲਿਮ ਭੈਣਾਂ ਦੇ ਘਰ ਵੀ ਟੁੱਟਣ ਤੋਂ ਬਚਾਏ ਅਤੇ ਆਪਣੀ ਸੂਝ ਬੂਝ ਸਦਕਾ ਬਾਬਰੀ ਮਸਜਿਦ ਬਨਾਮ ਅਯੁਧਿਆ ਰਾਮ ਮੰਦਰ ਦੇ ਮੁੱਦੇ ਨੂੰ ਸੁਲਝਾ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਪੈਦਾ ਹੋਈ ਕੁੜੱਤਣ ਨੂੰ ਦੂਰ ਕੀਤਾ।ਉਨ੍ਹਾਂ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਦੀ ਗੱਲ ਕਰਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਗਰੀਬਾਂ ਨੂੰ ਘਰ ਬਣਾਉਣ ਵਾਸਤੇ ਨਾ ਮੋੜਨ ਯੋਗ ਡੇਢ ਡੇਢ ਲੱਖ ਰੁਪਏ ਦਿੱਤੇ, ਗਰੀਬ ਔਰਤਾਂ ਨੂੰ ਮੁਫਤ ਗੈਸ ਸਿਲੰਡਰ, ਇਲਾਜ਼ ਕਰਵਾਉਣ ਲਈ ਪੰਜ ਪੰਜ ਲੱਖ ਰੁਪਏ ਦੇ ਆਯੂਸ਼ਮਾਨ ਕਾਰਡ,ਸਿਰਫ਼ 12 ਰੁਪਏ ਵਿੱਚ 2 ਲੱਖ ਦੀ ਬੀਮਾ ਯੋਜਨਾ, ਕੋਵਿਡ ਦੌਰਾਨ ਮੁਫ਼ਤ ਰਾਸ਼ਨ,ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾਈ,ਚੁਰਾਸੀ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਅਤੇ ਹੋਰ ਜੇਕਰ ਸਾਰੇ ਕੰਮ ਗਿਣਨ ਲੱਗੀਏ ਤਾਂ ਖੁਲਾ ਸਮਾਂ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ,ਨਸ਼ਾ ਅਤੇ ਮਾਫੀਆ ਮੁਕਤ ਕਰਕੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰਨ ਲਈ ਭਾਜਪਾ ਦੀ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ ਜਿਸ ਤੇ ਹਾਜ਼ਰ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਉਨ੍ਹਾਂ ਦਾ ਸਾਥ ਦੇਣ ਅਤੇ ਵੱਡੀ ਜਿੱਤ ਦਰਜ ਕਰਵਾਉਣ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਉਨ੍ਹਾਂ ਦੇ ਨਾਲ ਉਕਤ ਤੋਂ ਇਲਾਵਾ ਗੋਪਾਲ ਕ੍ਰਿਸ਼ਨ ਬਾਂਸਲ ਆਰ ਓ ਵਾਲੇ,ਕੁਲਵਿੰਦਰ ਕੌਰ ਸੀਂਗੋ,ਰਜਨੀ ਕੌਰ,ਖੁਸ਼ਪ੍ਰੀਤ ਕੌਰ,ਪਵਨ ਸ਼ਰਮਾਂ, ਬਲਵੀਰ ਸਿੰਘ ਸਨੇਹੀ,ਬਲਵਾਨ ਸਿੰਘ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ ,ਭਪਾ ਸਿੰਘ ਅਤੇ ਹੋਰ ਬਹੁਤ ਸਾਰੇ ਭਾਜਪਾ ਵਰਕਰ, ਅਹੁਦੇਦਾਰ ਅਤੇ ਹਲਕੇ ਦੇ ਵਡੀ ਗਿਣਤੀ ਲੋਕ ਹਾਜ਼ਰ ਸਨ।
Share the post "ਭਾਜਪਾ ਦੇ ਪੁਰਾਣੇ ਆਗੂਆਂ ਨੇ ਕੀਤਾ ਰਵੀਪ੍ਰੀਤ ਸਿੰਘ ਸਿੱਧੂ ਨਾਲ ਤੁਰਨ ਦਾ ਐਲਾਨ।"