ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਭਾਜਪਾ ਮੁੱਖ ਮੰਤਰੀ ਤੇ ਮੰਤਰੀਆਂ ਸਹਿਤ ਵਿਧਾਇਕਾਂ ਦੀਆਂ ਰਿਹਾਇਸ਼ਾਂ ਦਾ ਕਰੇਗੀ ਘਿਰਾਓ
ਸੁਖਜਿੰਦਰ ਮਾਨ
ਬਠਿੰਡਾ, 12 ਮਾਰਚ : ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਲਈ ਕੇਂਦਰ ਉਪਰ ਦਖਲਅੰਦਾਜ਼ੀ ਦੇ ਲੱਗ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਭਾਜਪਾ ਨੇ ਐਲਾਨ ਕੀਤਾ ਹੈ ਕਿ ‘‘ ਪਾਰਟੀ ਪੰਜਾਬ ’ਚ ‘ਗਵਰਨਰੀ’ ਰਾਜ ਦੇ ਹੱਕ ਵਿਚ ਨਹੀਂ ਪ੍ਰੰੰਤੂ ਜੇਕਰ ਪਾਣੀ ਸਿਰ ਉੱਪਰੋ ਟੱਪਣ ਲੱਗਿਆ ਤਾਂ ਕੇਂਦਰ ਦਖਲ ਦੇ ਸਕਦਾ ਹੈ। ’’ ਇਹ ਦਾਅਵਾ ਅੱਜ ਇੱਥੇ ਪੰਜਾਬ ਦੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾਈ ਉਪ ਪ੍ਰਧਾਨ ਡਾ ਰਾਜ ਕੁਮਾਰ ਵੇਰਕਾ ਨੇ ਕੀਤਾ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਅਤੇ ਮੀਡੀਆ ਇੰਚਾਰਜ਼ ਸੁਨੀਲ ਸਿੰਗਲਾ ਦੀ ਹਾਜ਼ਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਵੇਰਕਾ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਕਿ ‘‘ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨਿੱਤ ਦਿਨ ਵਿਗੜ ਰਹੀ ਹੈ, ਥਾਣਿਆਂ ‘ਤੇ ਕਬਜ਼ੇ ਹੋ ਰਹੇ ਹਨ ਤੇ ਨਸ਼ਿਆਂ ਕਾਰਨ ਨਿੱਤ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਪ੍ਰੰਤੂ ਆਪ ਸਰਕਾਰ ਇਸਨੂੰ ਰੋਕਣ ਲਈ ਕੁੱਝ ਨਹੀਂ ਕਰ ਰਹੀ ਹੈ। ’’ ਹਾਲਾਂਕਿ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਵਲੋਂ ਇਹ ਪੁੱਛਣ ਕਿ ਸਰਹੱਦਾਂ ਦੀ ਸੁਰੱਖਿਆ ਦਾ ਜਿੰਮਾ ਕੇਂਦਰ ਦੇ ਕੋਲ ਹੈ, ਇਸਦੇ ਬਾਵਜੂਦ ਹਰ ਰੋਜ਼ ਭਾਰੀ ਤਾਦਾਦ ਵਿਚ ਨਸ਼ੇ ਪੁੱਜ ਰਹੇ ਹਨ ਤਾਂ ਡਾ ਵੇਰਕਾ ਨੇ ਕਿਹਾ ਕਿ ਕੇਂਦਰ ਅਪਣਾ ਕੰਮ ਕਰ ਰਹੀ ਹੈ ਪ੍ਰੰਤੂ ਪੰਜਾਬ ਸਰਕਾਰ ਸੂਬੇ ’ਚ ਬਣ ਰਹੇ ਸੈਥੰਟਿਕ ਨਸ਼ਿਆਂ ’ਤੇ ਲਗਾਮ ਨਹੀਂ ਲਗਾ ਸਕੀ ਹੈ। ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਸਰਕਾਰ ਦੀ ਮਿਲੀਭੁਗਤ ਹੈ, ਜਿਸਦੇ ਚੱਲਦੇ ਹਾਲੇ ਤੱਕ ਉਸਦੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਜੇਲ੍ਹਾਂ ’ਚ ਹੋ ਰਹੀ ਗੈਗਵਾਰ ਦੇ ਮਾਮਲੇ ਵਿਚ ਵੀ ਊਨ੍ਹਾਂ ਸਰਕਾਰ ’ਤੇ ਸਵਾਲ ਖੜੇ ਕੀਤੇ। ਡਾ ਵੇਰਕਾ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਸਥਿਤੀ ਵਿਚ ਸੁਧਾਰ ਨਹੀਂ ਕਰ ਪਾਈ ਤਾਂ ਭਾਜਪਾ ਸੂਬੇ ਭਰ ਵਿੱਚ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰੇਗੀ। ਇਸਦੇ ਨਾਲ ਹੀ ਉਨ੍ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੈਦਾਰ ਨੂੰ ਵੀ ਸਵਾਲ ਪੁਛਦਿਆਂ ਕਿਹਾ ਕਿ ‘‘ ਅਜਨਾਲਾ ਘਟਨਾ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਲਿਜਾਣ ਦੇ ਮਾਮਲੇ ਵਿਚ ਉਨ੍ਹਾਂ ਵਲੋਂ ਵੀ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਘਟਨਾ ’ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੁੱਚੀ ਸਿੱਖ ਸੰਗਤ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਪੰਜਾਬ ਬਜਟ ਬਾਰੇ ਬੋਲਦਿਆਂ ਡਾ ਵੇਰਕਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਪ ਨੇ ਹਰੇਕ ਔਰਤ ਨੂੰ 1000-1000 ਰੁਪਏ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਇੱਕ ਸਾਲ ਬਾਅਦ ਵੀ ਬਜ਼ਟ ਵਿਚ ਕੋਈ ਤਜਵੀਜ ਨਹੀਂ ਰੱਖੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਸਿਰ ਸਿਰਫ਼ ਇੱਕ ਸਾਲ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ ਚਾੜ ਦਿੱਤਾ ਹੈ ਜਦੋਂਕਿ ਵਿਕਾਸ ਕਿਧਰੇ ਨਜ਼ਰ ਨਹੀਂ ਆ ਰਿਹਾ।
Share the post "ਭਾਜਪਾ ਪੰਜਾਬ ’ਚ ‘ਗਵਰਨਰੀ’ ਰਾਜ ਦੇ ਹੱਕ ਵਿਚ ਨਹੀਂ, ਪਰ ਜੇ ਪਾਣੀ ਸਿਰ ਤੋਂ ਟੱਪਣ ਲੱਗਿਆ ਤਾਂ ਕੇਂਦਰ ਦੇ ਸਕਦਾ ਹੈ ਦਖ਼ਲ: ਡਾ ਵੇਰਕਾ"