ਪੰਜਾਬੀ ਖ਼ਬਰਸਾਰ ਬਿਊਰੋ
ਲਖ਼ਨਊ, 15 ਮਈ: ਤਿੰਨ ਖੇਤੀ ਬਿੱਲਾਂ ਦੇ ਵਿਰੋਧ ’ਚ ਕਰੀਬ ਇੱਕ ਸਾਲ ਤੋਂ ਵੱਧ ਸਮੇਂ ਲਈ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ’ਚ ਵੱਡੀ ਭੂਮਿਕਾ ਨਿਭਾਉਣ ਵਾਲੇ ਉਘੇ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਉਸਦੇ ਭਰਾ ਨਰੇਸ਼ ਟਿਕੈਤ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਵਿਚ ਅੱਜ ਫੁੱਟ ਪੈਣ ਦੀ ਚਰਚਾ ਹੈ। ਇਸ ਜਥੇਬੰਦੀ ’ਚ ਟਿਕੈਤ ਭਰਾਵਾਂ ਤੋਂ ਨਰਾਜ਼ ਚੱਲ ਰਹੇ ਕੁੱਝ ਕਿਸਾਨ ਆਗੂਆਂ ਵਲੋਂ ਲਖਨਊ ਦੇ ਗੰਨਾ ਇੰਸਟੀਚਿਊਟ ਦੇ ਆਡੀਟੋਰੀਅਮ ਵਿਚ ਕਾਰਜ਼ਕਾਰਨੀ ਦੀ ਮੀਟਿੰਗ ਕਰਦਿਆਂ ਦੋਨਾਂ ਟਿਕੈਤ ਭਰਾਵਾਂ ਨੂੰ ਜਥੇਬੰਦੀ ਵਿਚੋਂ ਬਰਖਾਸਤ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਟਿਕੈਤ ਸਮਰਥਕ ਨੇ ਦਾਅਵਾ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਤੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਹੀ ਹਨ ਪ੍ਰੰਤੂ ਕੁੱਝ ਆਗੂ ਅਲੱਗ ਹੋ ਗਏ ਹਨ ਜਦੋਂ ਕਿ ਬਾਕੀ ਜਥੈਬੰਦੀ ਇਕਜੁਟ ਹੈ। ਸੂਚਨਾ ਮੁਤਾਬਕ ਟਿਕੈਤ ਭਰਾਵਾਂ ਨਾਲ ਨਰਾਜ਼ ਚੱਲ ਰਹੇ ਪੱਛਮੀ ਉੱਤਰ ਪ੍ਰਦੇਸ ਦੇ ਕਈ ਪ੍ਰਮੁੱਖ ਕਿਸਾਨ ਆਗੂਆਂ ਨੇ ਅੱਜ ਨਰੇਸ ਟਿਕੈਤ ਦੀ ਥਾਂ ਰਾਜੇਸ ਸਿੰਘ ਚੌਹਾਨ ਨੂੰ ਨਵਾਂ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦੀ ਹੈ ਕਿ ਟਿਕੈਤ ਭਰਾਵਾਂ ਨੂੰ ਚੁਣੌਤੀ ਅੱਜ ਉਸ ਸਮੇਂ ਮਿਲੀ ਹੈ ਜਦ 15 ਮਈ ਨੂੰ ਉਨ੍ਹਾਂ ਦੇ ਸਵਰਗੀ ਪਿਤਾ ਮਹਿੰਦਰ ਸਿੰਘ ਟਿਕੈਤ ਦਾ ਜਨਮ ਦਿਨ ਹੈ। ਉਧਰ ਨਵੇਂ ਬਣੇ ਪ੍ਰਧਾਨ ਰਾਜੇਸ ਸਿੰਘ ਚੌਹਾਨ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਫੈਸਲਾ ਇਸ ਕਰਕੇ ਲੈਣਾ ਪਿਆ ਕਿਉਂਕਿ ਟਿਕੈਤ ਭਰਾ ਸਿਆਸਤ ਤੋਂ ਪ੍ਰੇਰਤ ਸਨ। ਜਦੋਂਕਿ ਜਥੇਬੰਦੀ ਦਾ ਸੰਵਿਧਾਨ ਨਰਪੱਖ ਕਿਸਾਨਾਂ ਦੀ ਹਿਮਾਇਤ ਨਾਲ ਸੰਘਰਸ਼ ਦਾ ਧਾਰਨੀ ਹੈ। ਦੂਜੇ ਪਾਸੇ ਟਿਕੈਤ ਸਮਰਥਕ ਪੰਜਾਬ ਦੀ ਜਥੇਬੰਦੀ ਦੇ ਵੱਡੇ ਆਗੂ ਸਰੂਪ ਸਿੱਧੂ ਨੇ ਦਾਅਵਾ ਕੀਤਾ ਕਿ ਰਾਕੇਸ ਟਿਕੈਤ ਤੇ ਨਰੇਸ਼ ਟਿਕੈਤ ਹੀ ਜਥੇਬੰਦੀ ਦੇ ਆਗੂ ਹਨ, ਬਲਕਿ ਕੁੱਝ ਆਗੂਆਂ ਨੇ ਅਲੱਗ ਹੋ ਕੇ ਅਪਣੀ ਜਥੇਬੰਦੀ ਬਣਾ ਲਈ ਹੈ। ਜਦੋਂਕਿ ਨਰੇਸ਼ ਟਿਕੈਤ ਅੱਜ ਵੀ ਜਥੇਬੰਦੀ ਦੇ ਕੌਮੀ ਪ੍ਰਧਾਨ ਹਨ ਤੇ ਰਾਕੇਸ਼ ਟਿਕੈਤ ਕੌਮੀ ਬੁਲਾਰੇ। ਉਨ੍ਹਾਂ ਨੇ ਇਸ ਸਾਰੇ ਘਟਨਾਕ੍ਰਮ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਹੀ ਇਹ ਸਾਰਾ ਡਰਾਮਾ ਹੋਇਆ ਹੈ। ਗੌਰਤਲਬ ਹੈ ਕਿ ਜਦ ਲਾਲ ਕਿਲੇ ’ਤੇ ਝੰਡਾ ਲਹਿਰਾਉਣ ਤੋਂ ਬਾਅਦ ਕਿਸਾਨ ਸੰਘਰਸ਼ ਖ਼ਤਮ ਹੋਣ ਕਿਨਾਰੇ ਪੁੱਜ ਗਿਆ ਸੀ ਤਾਂ ਰਾਕੇਸ਼ ਟਿਕੈਤ ਦੀਆਂ ਅੱਖਾਂ ਵਿਚੋਂ ਨਿਕਲੇ ਹੰਝੂਆਂ ਦੇ ਮੁੜ ਕਿਸਾਨਾਂ ਦੇ ਵਿਚ ਮੁੜ ਨਵੀਂ ਜਾਨ ਫ਼ੂਕੀ ਸੀ ਤੇ ਜਿਸਤੋਂ ਬਾਅਦ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਿਆ ਸੀ।
ਭਾਰਤੀ ਕਿਸਾਨ ਯੂਨੀਅਨ ਟਿਕੈਤ ’ਚ ਬਗਾਵਤ, ਕੁੱਝ ਆਗੂ ਹੋਏ ਅਲੱਗ
9 Views