ਸੀਨੀਅਰ ਅਕਾਲੀ ਆਗੂ ਐਡਵੋਕੇਟ ਸੋਹੀ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ 24 ਅਕਤੂਬਰ : ਪਿਛਲੇ ਕਰੀਬ ਦੋ ਮਹੀਨਿਆਂ ਤੋਂ ਚੁੱਪ ਚਪੀਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਮੁਹਿੰਮ ਚਲਾ ਰਹੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਦਲ ਦਾ ਸੀਨੀਅਰ ਆਗੂ ਐਡਵੋਕੇਟ ਸੁਰਜੀਤ ਸਿੰਘ ਸੋਹੀ ਆਪਣੇ ਸਾਥੀਆਂ ਸਮੇਤ ਵਿਤ ਮੰਤਰੀ ਸ: ਬਾਦਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਗਏ। ਐਡਵੋਕੇਟ ਸੋਹੀ ਅਕਾਲੀ ਦਲ ਤੋਂ ਪਹਿਲਾਂ ਲੰਮਾ ਸਮਾਂ ਸੀਪੀਆਈ ਨਾਲ ਜੁੜੇ ਰਹੇ ਹਨ ਤੇ ਉਹ ਪਾਰਟੀ ਦੀ ਟਿਕਟ ’ਤੇ ਬਠਿੰਡਾ ਦਿਹਾਤੀ ਹਲਕੇ ਤੋਂ ਚੋੋਣ ਵੀ ਲੜ ਚੁੱਕੇ ਹਨ। ਇਸ ਮੌਕੇ ਐਡਵੋਕੇਟ ਸੋਹੀ ਨੇ ਆਖਿਆ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਦੇ ਕੀਤੇ ਗਏ ਵਿਕਾਸ ਕੰਮਾਂ ਨੂੰ ਦੇਖਦਿਆਂ ਕਾਂਗਰਸ ਪਾਰਟੀ ਵਿੱਚ ਸਾਮਲ ਹੋਏ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਐਡਵੋਕੇਟ ਸੋਹੀ ਉਨ੍ਹਾਂ ਦੇ ਪੁਰਾਣੇ ਸਾਥੀ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਧੂਰੇ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿਰਥੀਪਾਲ ਜਲਾਲ ਅਤੇ ਗੁਰਇਕਬਾਲ ਸਿੰਘ ਚਹਿਲ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਵਿਤ ਮੰਤਰੀ ਦੇ ਧਰਮਪਤਨੀ ਵੀਨੂੰ ਬਾਦਲ ਤੋਂ ਇਲਾਵਾ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਸਹਿਤ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਚੇਅਰਮੈਨ ਕੇ.ਕੇ.ਅਗਰਵਾਲ, ਚੇਅਰਮੈਨ ਰਾਜਨ ਗਰਗ ਆਦਿ ਹਾਜ਼ਰ ਸਨ।