ਪੰਜਾਬ ਦੇ ਮਜ਼ਬੂਤ ਹੋਏ ਖ਼ਜ਼ਾਨੇ ਵਿੱਚੋਂ ਪੰਜਾਬ ਵਾਸੀਆਂ ਨੂੰ ਮਿਲੀ ਵੱਡੀ ਰਾਹਤ : ਮਨਪ੍ਰੀਤ ਸਿੰਘ ਬਾਦਲ
ਸੁਖਜਿੰਦਰ ਮਾਨ
ਬਠਿੰਡਾ 4 ਫ਼ਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਭਖਾ ਰੂਪ ਦਿੰਦੇ ਹੋਏ ਸ਼ਹਿਰ ਦਾ ਤੂਫਾਨੀ ਦੌਰਾ ਕੀਤਾ।ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਦੇ ਢਿੱਲੋਂ ਨਗਰ, ਬਲਰਾਜ ਨਗਰ, ਬਲੂਮਿੰਗ ਬਡਜ਼ ਸਕੂਲ ,ਬਾਬਾ ਦੀਪ ਸਿੰਘ ਨਗਰ, ਬੈਂਕ ਕਲੋਨੀ, ਅਫ਼ੀਮ ਵਾਲੀ ਗਲੀ, ਗੁਰੂ ਗੋਬਿੰਦ ਸਿੰਘ ਨਗਰ, ਮਾਡਲ ਟਾਊਨ, ਬਸੰਤ ਬਿਹਾਰ ਸਮੇਤ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਕਰਵਾਏ ਚਹੁੰ ਮੁਖੀ ਵਿਕਾਸ ਦੇ ਨਾਂ ਤੇ ਵੋਟ ਦੀ ਮੰਗ ਕੀਤੀ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਚੋਣਾਂ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਾਮ ਢਾਬਾ ਦੇ ਪਰਿਵਾਰ ਵੱਲੋਂ ਕਾਜੂਆਂ ਨਾਲ ਤੋਲ ਕੇ ਵੀ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮਜ਼ਬੂਤ ਹੋਏ ਖ਼ਜ਼ਾਨੇ ਵਿੱਚੋਂ ਲੋੜਵੰਦ ਪਰਿਵਾਰਾਂ ਅਤੇ ਪੰਜਾਬ ਦੇ ਲੱਖਾਂ ਘਰਾਂ ਲਈ ਰਾਹਤ ਦੀਆਂ ਸਕੀਮਾਂ ਵੰਡੀਆਂ ਗਈਆਂ ਹਨ ਜਿਸ ਨਾਲ ਸੂਬੇ ਦੀ ਤਸਵੀਰ ਵੀ ਬਦਲੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ ਮੁਆਫੀ, ਬਿਜਲੀ ਦੇ ਬਕਾਏ ਮੁਆਫ਼ ਕਰਨ, ਤਿੱਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ, ਪੈਟਰੋਲ ਡੀਜ਼ਲ ਸਸਤਾ ਕਰਨ ਵਰਗੇ ਇਤਿਹਾਸਕ ਫ਼ੈਸਲਿਆਂ ਨੇ ਹਰ ਵਰਗ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਬਠਿੰਡਾ ਦੇ ਵਿਕਾਸ ਲਈ ਉਨ੍ਹਾਂ ਨੇ ਜੀਅ ਤੋੜ ਮਿਹਨਤ ਕੀਤੀ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦਾ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਹਰ ਪਰਿਵਾਰ ਦੀ ਖੁਸ਼ਹਾਲੀ ਲਈ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਸਮੇਂ ਦੀ ਜ਼ਰੂਰਤ ਹੈ ਇਸ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਕਾਂਗਰਸ ਦੇ ਹੱਥ ਮਜ਼ਬੂਤ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਕੌਂਸਲਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ।
Share the post "ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਸ਼ਹਿਰ ਦਾ ਤੂਫਾਨੀ ਦੌਰਾ, ਭਰਵੀਆਂ ਮੀਟਿੰਗਾਂ ਨੂੰ ਕੀਤਾ ਸੰਬੋਧਨ , ਵਿਕਾਸ ਦੇ ਨਾਂ ਤੇ ਮੰਗੀ ਵੋਟ"