ਏਅਰੋ ਸੋਅ ਅਤੇ ਲਾਈਵ ਮਾਡਲ ਨੇ ਆਕਰਸ਼ਿਤ ਕੀਤੇ ਹਜਾਰਾਂ ਵਿਦਿਆਰਥੀ-
ਕਿਸੇ ਵੀ ਦੇਸ ਦੀ ਤਰੱਕੀ ਦਾ ਆਧਾਰ ਵਿਗਿਆਨ ਅਤੇ ਤਕਨਾਲੋਜੀ: ਪਿ੍ਰੰਸੀਪਲ ਸਕੱਤਰ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ “ਸਾਇੰਸ ਅਤੇ ਟੈਕ ਐਕਸਪੋ” ਦਾ ਅੱਜ ਮੁੱਖ ਕੈਂਪਸ ਵਿਖੇ ਸ਼ਾਨਦਾਰ ਆਯੋਜਨ ਕੀਤਾ ਗਿਆ। ਏਅਰੋ ਸੋਅ, ਲਾਈਵ ਮਾਡਲ ਅਤੇ ਵੱਖ-ਵੱਖ ਪ੍ਰਦਰਸਨੀਆਂ ਹਜ਼ਾਰਾਂ ਉਤਸੁਕ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ। “ਸਾਇੰਸ ਅਤੇ ਟੈਕ ਐਕਸਪੋ” ਦਾ ਉਦੇਸ ਵਿਦਿਆਰਥੀਆਂ ਵਿੱਚ ਵਿਗਿਆਨਕ ਸੁਭਾਅ ਵਿਕਸਿਤ ਕਰਨਾ, ਨਵੀਨਤਮ ਤਕਨਾਲੋਜੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਗਿਆਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਸੀ। ਵੱਖ-ਵੱਖ ਸਕੂਲਾਂ/ਕਾਲਜਾਂ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਹਜਾਰਾਂ ਵਿਦਿਆਰਥੀਆਂ ਨੇ ਇਸ ਵਿਲੱਖਣ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਮਾਹਿਰਾਂ ਨਾਲ ਸਾਇੰਸ ਅਤੇ ਟੈਕਨਾਲੋਜੀ ਬਾਰੇ ਗਿਆਨ ਹਾਸਿਲ ਕੀਤਾ। ਇਸ ਦੌਰਾਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਇਸ ਮੇਲੇ ਦਾ ਉਦਘਾਟਨ ਕੀਤਾ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕੀਤੀ। ਮਾਡਲ ਪ੍ਰਦਰਸਨੀਆਂ, ਏਅਰੋ ਸੋਅ, ਆਟੋ ਐਕਸਪੋ, ਗੋ ਕਾਰਟ/ਕਾਰ ਰੈਲੀ-ਪ੍ਰੋਜੈਕਟ, ਆਰਗੈਨਿਕ ਕਿਸਾਨ ਮੰਡੀ, ਕਰੀਅਰ ਕਾਉਂਸਲਿੰਗ, ਪ੍ਰੇਰਕ ਲੈਕਚਰ, ਸਾਇੰਸ ਲਾਈਵ ਪ੍ਰਯੋਗ, ਵੱਖ-ਵੱਖ ਵਿਭਾਗਾਂ ਦੇ ਪਵੇਲੀਅਨ, ਪੁਸਤਕ ਪ੍ਰਦਰਸਨੀਆਂ, ਏਆਈਸੀਟੀਈ ਸਕੀਮਾਂ ਅਤੇ ਸਕਾਲਰਸਿਪ, ਰਾਸਟਰੀ ਵਿਗਿਆਨ ਦਿਵਸ ਸਮਾਰੋਹ ਦੇ ਤਹਿਤ ਮੁਕਾਬਲੇ, ਸੱਭਿਆਚਾਰਕ ਗਤੀਵਿਧੀਆਂ ਅਤੇ ਫੂਡ ਕੋਰਟ ਆਦਿ ਦੇ ਸ਼ਾਨਦਾਰ ਪ੍ਰਦਰਸ਼ਨ ਇਸ “ਸਾਇੰਸ ਅਤੇ ਟੈਕ ਐਕਸਪੋ” ਦੌਰਾਨ ਮੁੱਖ ਆਕਰਸਣ ਸਨ, ਜਿਨ੍ਹਾਂ ਨੇ ਮਾਲਵਾ ਖੇਤਰ ਦੇ ਵਿਦਿਆਰਥੀਆਂ ਨੂੰ ਭਾਰੀ ਗਿਣਤੀ ਵਿਚ ਆਕਰਸਿਤ ਕੀਤਾ। ਅਪਣੇ ਭਾਸਣ ਵਿੱਚ ਸ੍ਰੀ ਵਿਕਾਸ ਗਰਗ (ਜੋ ਯੂਨੀਵਰਸਿਟੀ ਦੇ ਬੋਰਡ ਆਫ ਗਵਰਨਰਜ ਦੇ ਚੇਅਰਮੈਨ ਵੀ ਹਨ) ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਕਿਸੇ ਵੀ ਦੇਸ ਦੀ ਤਰੱਕੀ ਦਾ ਆਧਾਰ ਹੁੰਦੇ ਹਨ। ਪ੍ਰੋ: ਬੂਟਾ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ “ਸਾਇੰਸ ਅਤੇ ਟੈਕ ਐਕਸਪੋ” ਦੀ ਮਹੱਤਤਾ ਬਾਰੇ ਚਾਨਣਾ ਪਾਇਆ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ “ਸਾਇੰਸ ਅਤੇ ਟੈਕ ਐਕਸਪੋ” ਦਾ ਸ਼ਾਨਦਾਰ ਆਯੋਜਨ"