ਸਿਲਪਾ ਕੁਮਾਰੀ ਨੂੰ ਅੰਤਰਰਾਸਟਰੀ ਫੈਲੋਸਿਪ ਮਿਲੀ
ਸੁਖਜਿੰਦਰ ਮਾਨ
ਬਠਿੰਡਾ, 26 ਅਗਸਤ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਫਾਰਮਾਸਿਊਟੀਕਲ ਸਾਇੰਸਜ ਅਤੇ ਟੈਕਨਾਲੋਜੀ ਵਿਭਾਗ ਦੀ ਪੀ.ਐਚ.ਡੀ. ਰਿਸਰਚ ਸਕਾਲਰ ਸ੍ਰੀਮਤੀ ਸਿਲਪਾ ਕੁਮਾਰੀ ਨੂੰ ਅਲਜਾਈਮਰ ਰੋਗ ‘ਤੇ ਆਪਣੇ ਖੋਜ ਕਾਰਜ ਪੇਸ ਕਰਨ ਲਈ ਅੰਤਰਰਾਸਟਰੀ ਫੈਲੋਸਿਪ ਪ੍ਰਾਪਤ ਹੋਈ ਹੈ, ਜਿਸ ਨਾਲ ਯੂਨੀਵਰਸਿਟੀ ਦਾ ਨਾਮ ਅੰਤਰ-ਰਾਸ਼ਟਰੀ ਪੱਧਰ ਤੇ ਚਮਕਿਆ ਹੈ। ਅਲਜਾਈਮਰ ਐਸੋਸੀਏਸਨ ਇੰਟਰਨੈਸਨਲ ਕਾਨਫਰੰਸ -2022 ਹਾਲ ਹੀ ਵਿੱਚ ਸੈਨ ਡਿਏਗੋ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ (ਯੂ.ਐਸ.ਏ.) ਵਿੱਚ ਆਯੋਜਿਤ ਕੀਤੀ ਗਈ, ਜਿਸ ਵਿਚ ਸ਼ਿਲਪਾ ਕੁਮਾਰੀ ਦੇ ਖੋਜ ਕਾਰਜ ਚਰਚਾ ਦਾ ਕੇਂਦਰ ਬਣ ਰਹੇ। ਸ੍ਰੀਮਤੀ ਸਿਲਪਾ ਇਸ ਬਹੁਤ ਹੀ ਵੱਕਾਰੀ ਕਾਨਫਰੰਸ ਲਈ ਦੁਨੀਆ ਭਰ ਤੋਂ ਚੁਣੇ ਗਏ ਕੁਝ ਉਮੀਦਵਾਰਾਂ ਵਿੱਚੋਂ ਇੱਕ ਸੀ, ਜਿਸ ਨੇ ਡਿਮੇਨਸੀਆ-ਅਲਜਾਈਮਰ ਰੋਗ ਦੇ ਖਾਸ ਖੇਤਰ ਵਿੱਚ ਨਿਊਰੋਸਾਇੰਸ ਵਿਕਾਸ ‘ਤੇ ਖੋਜ ਕੀਤੀ ਹੈ। ਕਾਨਫਰੰਸ ਵਿਚ ਮੌਜੂਦ ਮਾਹਿਰਾਂ ਦੇ ਪੈਨਲ ਦੁਆਰਾ ਉਸ ਦੀ ਪੇਸਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਅਤੇ ਸਲਾਘਾ ਕੀਤੀ ਗਈ। ਓਹਨਾਂ ਨੂੰ ਅੰਤਰਰਾਸਟਰੀ ਫੈਲੋਸਿਪ ਤਹਿਤ ਰਜਿਸਟ੍ਰੇਸਨ, ਯਾਤਰਾ ਅਤੇ ਠਹਿਰਨ ਲਈ ਕੁੱਲ 5500 ਅਮਰੀਕੀ ਡਾਲਰ ਦਿੱਤੇ।
ਸ੍ਰੀਮਤੀ ਸਿਲਪਾ ਦੇ ਸੁਪਰਵਾਈਜਰ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਫਾਰਮੇਸੀ ਵਿਭਾਗ ਡਾ. ਰਾਹੁਲ ਦੇਸਮੁਖ ਵੀ ਇੱਕ ਮੋਹਰੀ ਵਿਗਿਆਨੀ ਹਨ ਅਤੇ 2019 ਤੋਂ 2022 ਤੱਕ ਮਾਹਿਰ ਵਿਗਿਆਨਕ ਦਰਜਾਬੰਦੀ ਦੇ ਅਨੁਸਾਰ ਐਮ.ਆਰ.ਐੱਸ- ਪੀ.ਟੀ.ਯੂ ਵਿੱਚ ਦੂਜੇ ਅਤੇ ਭਾਰਤਵਰਸ਼ ਵਿੱਚ 119ਵੇਂ ਸਥਾਨ ‘ਤੇ ਹਨ । ਓਹਨਾਂ ਦੀਆਂ ਮੌਜੂਦਾ ਪੀ.ਐੱਚ.ਡੀ. ਰਿਸਰਚ ਸਕਾਲਰ ਸ੍ਰੀਮਤੀ ਸਿਲਪਾ ਅਤੇ ਸ੍ਰੀਮਤੀ ਕਾਜਲ ਬਾਗੜੀ ਦੋਵਾਂ ਨੇ ਅੰਤਰਰਾਸਟਰੀ ਪ੍ਰਸਿੱਧੀ ਵਾਲੇ ਜਰਨਲਾਂ ਅਤੇ ਅੰਤਰਰਾਸਟਰੀ ਪਬਲੀਕੇਸਨ ਹਾਊਸ ਦੇ ਨਾਲ ਖੋਜ ਪੱਤਰ ਅਤੇ ਕਿਤਾਬਾਂ ਦੇ ਅਧਿਆਏ ਪ੍ਰਕਾਸਿਤ ਕੀਤੇ ਹਨ। ਉਧਰ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਪੀਐਚਡੀ ਸਕਾਲਰ ਸ੍ਰੀਮਤੀ ਸਿਲਪਾ ਨੂੰ ਇਸ ਨਵੇਕਲੀ ਪ੍ਰਾਪਤੀ ਲਈ ਵਧਾਈ ਦਿੱਤੀ। ਓਹਨਾਂ ਵਿਦਿਆਰਥੀਆਂ ਨੂੰ ਫਾਰਮਾਸਿਊਟੀਕਲ ਸਿੱਖਿਆ ਵਿੱਚ ਹਾਲ ਹੀ ਦੇ ਰੁਝਾਨਾਂ ਦੀ ਪੜਚੋਲ ਕਰਨ ਲਈ ਅਜਿਹੀਆਂ ਅੰਤਰਰਾਸਟਰੀ ਕਾਨਫਰੰਸਾਂ ਵਿੱਚ ਸਾਮਲ ਹੋਣ ਦੇ ਲਾਭਾਂ ਬਾਰੇ ਵੀ ਜਾਗਰੂਕ ਕੀਤਾ। ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ, ਡਾ: ਰਾਹੁਲ ਦੇਸਮੁਖ ਡੀਨ ਖੋਜ ਅਤੇ ਵਿਕਾਸ, ਪ੍ਰੋ: ਆਸੀਸ ਬਾਲਦੀ ਅਤੇ ਫਾਰਮੇਸੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ: ਅਮਿਤ ਭਾਟੀਆ ਨੇ ਵੀ ਸ਼ਿਲਪਾ ਕੁਮਾਰੀ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਰਿਸਰਚ ਸਕਾਲਰ ਦੀ ਅਲਜਾਈਮਰ ਰੋਗ ‘ਤੇ ਖੋਜ ਯੂ.ਐਸ.ਏ. ਵਿੱਚ ਚਰਚਾ ਦਾ ਕੇਂਦਰ ਬਣੀ"