ਇਕੱਲੇ ਅਕਾਲੀ ਦਲ ਵਲੋਂ ਚਾਰ ਸਾਲਾਂ ਬਾਅਦ ਕੀਤੀ ਜਾਵੇਗੀ ਮਾਘੀ ਮੌਕੇ ਸਿਆਸੀ ਕਾਨਫਰੰਸ
ਕਾਂਗਰਸ ਅਤੇ ਆਪ ਵਲੋਂ ਨਹੀਂ ਕੀਤੀ ਜਾ ਰਹੀ ਹੈ ਸਿਆਸੀ ਕਾਨਫਰੰਸ
ਸੁਖਜਿੰਦਰ ਮਾਨ
ਬਠਿੰਡਾ, 4 ਜਨਵਰੀ: ਸੂਬੇ ਦੀ ਸਿਆਸਤ ’ਚ ਪਿਛਲੇ ਪੰਜ ਸਾਲਾਂ ਤਂੋ ਹਾਸ਼ੀਏ ’ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਗਾਮੀ ਮਾਘੀ ਮੇਲੇ ’ਤੇ ਸਿਆਸੀ ਕਾਨਫਰੰਸ ਕਰਕੇ ਅਪਣਾ ਸਿਆਸੀ ਵਜ਼ਨ ਤੋਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਦਲ ਵਲੋਂ ਮਾਘੀ ਮੇਲੇ ਮੌਕੇ ਚੌਥੇ ਸਾਲ ਬਾਅਦ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਜਦੋਂਕਿ ਦੂਜੀਆਂ ਪਾਰਟੀਆਂ ਹਾਲੇ ਵੀ ਧਾਰਮਿਕ ਸਥਾਨਾਂ ’ਤੇ ਸਿਆਸੀ ਕਾਨਫਰੰਸਾਂ ਨਾ ਕਰਨ ਦੀ ਨੀਤੀ ’ਤੇ ਚੱਲ ਰਹੀਆਂ ਹਨ। ਸੂਚਨਾ ਮੁਤਾਬਕ ਸ੍ਰੋਮਣੀ ਅਕਾਲੀ ਦਲ ਵਲੋਂ ਇਸ ਕਾਨਫਰੰਸ ਦੇ ਜਰੀਏ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਰਕਰਾਂ ਨੂੰ ਗਤੀਸ਼ੀਲ ਕੀਤਾ ਜਾਵੇਗਾ। ਮਾਘੀ ਮੇਲੇ ਮੌਕੇ ਸਿਆਸੀ ਕਾਨਫਰੰਸ ਕਰਨ ਦੀ ਪੁਸ਼ਟੀ ਕਰਦਿਆਂ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਆਗੂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ‘‘ ਪਹਿਲਾਂ ਲਗਾਤਾਰ ਦੋ ਸਾਲ ਕਰੋਨਾ ਕਰਕੇ ਅਤੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਕਾਰਨ ਅਕਾਲੀ ਦਲ ਵਲਂੋ ਇੱਥੇ ਕਾਨਫਰੰਸ ਨਹੀਂ ਕੀਤੀ ਜਾ ਸਕੀ ਸੀ ਤੇ ਹੁਣ ਇਸ ਵਾਰ ਇਹ ਕਾਨਫਰੰਸ ਕੀਤੀ ਜਾ ਰਹੀ ਹੈ। ’’ ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਿਆਸੀ ਕਾਨਫਰੰਸ ਵਿਚ ਸਿਰਫ ਦੱਖਣੀ ਮਾਲਵਾ ਦੇ ਦੋ ਦਰਜ਼ਨ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ ਭਾਵ ਇਹ ਸੂਬਾ ਪੱਧਰੀ ਕਾਨਫਰੰਸ ਨਹੀਂ ਹੋਵੇਗੀ। ਪਤਾ ਲੱਗਿਆ ਹੈ ਕਿ ਇਸ ਕਾਨਫਰੰਸ ਲਈ ਅਕਾਲੀ ਦਲ ਵਲੋਂ ਜਗ੍ਹਾਂ ਫ਼ਾਈਨਲ ਕਰ ਲਈ ਗਈ ਹੈ ਤੇ ਇਸ ਸਬੰਧ ਵਿਚ ਬੀਤੇ ਕੱਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੀਟਿੰਗ ਵੀ ਹੋ ਚੁੱਕੀ ਹੈ। ਜਿਸਤੋਂ ਬਾਅਦ ਬਠਿੰਡਾ, ਫ਼ਰੀਦਕੋਟ ਤੇ ਫ਼ਿਰੋਜਪੁਰ ਲੋਕ ਸਭਾ ਹਲਕਿਆਂ ਦੇ ਆਗੂੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਿਕਰਯੋਗ ਹੈ ਕਿ ਬਠਿੰਡਾ ਅਤੇ ਫ਼ਿਰੋਜਪੁਰ ਤੋਂ ਕ੍ਰਮਵਾਰ ਬੀਬਾ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਜੇਤੂ ਰਹੇ ਸਨ ਜਦੋਂਕਿ ਬਾਕੀ ਸੀਟਾਂ ਤੋਂ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸਤੋਂ ਬਾਅਦ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ 117 ਸੀਟਾਂ ਵਿਚੋਂ ਅਕਾਲੀ ਦਲ ਦੇ ਸਿਰਫ਼ ਤਿੰਨ ਉਮੀਦਵਾਰ ਹੀ ਜਿੱਤ ਸਕੇ ਸਨ। ਆਉਣ ਵਾਲੇ ਇੱਕ ਸਾਲ ਬਾਅਦ ਮੁੜ ਲੋਕ ਸਭਾ ਚੋਣਾਂ ਦਾ ਆਗਾਜ਼ ਹੋਣ ਜਾ ਰਿਹਾ ਹੈ। ਅਜਿਹੀ ਹਾਲਾਤ ਵਿਚ ਅਪਣਾ ਸਿਆਸੀ ਗੜ੍ਹ ਬਚਾਉਣ ਲਈ ਅਕਾਲੀ ਦਲ ਵਲੋਂ ਹੁਣ ਤੋਂ ਹੀ ਹੰਭਲੇ ਸ਼ੁਰੂ ਕੀਤੇ ਜਾ ਰਹੇ ਹਨ। ਗੌਰਤਲਬ ਹੈ ਕਿ ਇਸਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਵਲੋਂ ਹਲਕਾ ਵਾਈਜ਼ ਰੈਲੀਆਂ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਹੋਇਆ ਹੈ।
ਬਾਕਸ
ਆਪ ਨਹੀਂ ਕਰੇਗੀ ਸਿਆਸੀ ਕਾਨਫਰੰਸ: ਖੁੱਡੀਆ
ਬਠਿੰਡਾ, 4 ਜਨਵਰੀ: ਉਧਰ ਆਮ ਆਦਮੀ ਪਾਰਟੀ ਦੇ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆ ਨੇ ਦਸਿਆ ਕਿ ਪਾਰਟੀ ਵਲੋਂ ਮਾਘੀ ਮੇਲੇ ਮੌਕੇ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਮੇਲੇ ਹਨ, ਜਿੱਥੇ ਲੋਕ ਸਰਧਾ ਨਾਲ ਨਤਮਸਤਕ ਹੋਣ ਆਉਂਦੇ ਹਨ ਤੇ ਜਿਸਦੇ ਚੱਲਦੇ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ।
ਬਾਕਸ
ਭਾਰਤ ਜੋੜੋ ਯਾਤਰਾ ’ਚ ਉਲਝੀ ਹੋਣ ਕਾਰਨ ਕਾਂਗਰਸ ਵੀ ਨਹੀਂ ਕਰੇਗੀ ਕਾਨਫਰੰਸ
ਬਠਿੰਡਾ: ਦੂਜੇ ਪਾਸੇ ਕਾਂਗਰਸ ਪਾਰਟੀ ਵਲੋਂ ਵੀ ਇੱਥੇ ਕੋਈ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ ਹੈ। ਹਾਲਾਂਕਿ ਕਾਂਗਰਸ ਵਲੋਂ ਪਹਿਲਾਂ ਹੀ ਧਾਰਮਿਕ ਸਥਾਨਾਂ ’ਤੇ ਸਿਆਸੀ ਕਾਨਫਰੰਸਾਂ ਸਬੰਧੀ ਕੁੱਝ ਸਮਾਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਦਿੱਤੀ ਸਲਾਹ ਨਾਲ ਸਹਿਮਤੀ ਜਤਾਈ ਸੀ ਪ੍ਰੰਤੂ ਇਸ ਵਾਰ ਪਾਰਟੀ ਦੀ ਸਥਿਤੀ ਕੁੱਝ ਵੱਖਰੀ ਹੈ, ਕਿਉਂਕਿ 11 ਜਨਵਰੀ ਨੂੰ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਵਲੋਂ ਕੰਨਿਆ ਕੁਮਾਰੀ ਤੋਂ ਸੁਰੂ ਕੀਤੀ ਭਾਰਤ ਜੋੜੋ ਯਾਤਰਾ ਪੰਜਾਬ ਵਿਚ ਪੁੱਜ ਰਹੀ ਹੈ, ਜਿੱਥੇ 19 ਜਨਵਰੀ ਤੱਕ ਇਹ ਯਾਤਰਾ ਸੂਬੇ ਦੇ ਵੱਖ ਵੱਖ ਹਿੱਸਿਆ ਵਿਚ ਜਾਵੇਗੀ। ਜਿਸਨੂੰ ਸਫ਼ਲ ਬਣਾਉਣ ਲਈ ਪਾਰਟੀ ਵਲੋਂ ਹੇਠਲੇ ਪੱਧਰ ’ਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਪਾਰਟੀ ਦੇ ਇੱਕ ਸੀਨੀਅਰ ਆਗੁ ਨੇ ਦਸਿਆ ਕਿ ਸੂਬਾ ਆਗੂਆਂ ਦਾ ਮੁੱਖ ਮੰਤਵ ਭਾਰਤ ਜੋੜੋ ਯਾਤਰਾ ਨੂੰ ਸਫ਼ਲ ਬਣਾਉਣਾ ਹੈ, ਜਿਸਦੇ ਲਈ ਹਾਲੇ ਤੱਕ ਹੋਰ ਪਾਸੇ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ।
Share the post "ਮਾਘੀ ਮੇਲਾ: ਅਕਾਲੀ ਦਲ ਸਿਆਸੀ ਕਾਨਫਰੰਸ ਕਰਕੇ ਮੁੜ ਭਖਾਏਗਾ ਮਾਲਵਾ ਦੀ ਰਾਜਨੀਤੀ"