ਠੇਕਾ ਮੁਲਾਜਮਾਂ ਨੇ ਅਚਾਨਕ ਵਿਤ ਮੰਤਰੀ ਦੇ ਸਮਾਗਮ ਵਾਲੀ ਥਾਂ ‘ਪ੍ਰਗਟ’ ਹੋ ਕੇ ਕੀਤਾ ਹੱਕਾ-ਬੱਕਾ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਬੀਤੇ ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਰੈਲੀ ’ਚ ਨਾਅਰੇਬਾਜ਼ੀ ਕਰਨ ਵਾਲੇ ਠੇਕਾ ਮੁਲਾਜਮਾਂ ਦੀ ਪੁਲਿਸ ਵਲੋਂ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਅੱਜ ਦੇਰ ਸ਼ਾਮ ਬਠਿੰਡਾ ਪੁਲਿਸ ਵਲੋਂ ਵਿਤ ਮੰਤਰੀ ਨੂੰ ਸਵਾਲ ਪੁੱਛਣ ਚੱਲੇ ਠੇਕਾ ਮੁਲਾਜਮਾਂ ਦੀ ਧੂਹ-ਘੜੀਸ ਕੀਤੀ ਗਈ। ਇਹੀਂ ਨਹੀਂ ਪੁਲਿਸ ਨੇ ਇੰਨ੍ਹਾਂ ਠੇਕਾ ਮੁਲਾਜਮਾਂ ਨੂੰ ਜਬਰਦਸਤੀ ਚੁੱਕ ਕੇ ਗੱਡੀਆਂ ਵਿਚ ਸੁੱਟ ਦਿੱਤੀ। ਠੇਕਾ ਮੁਲਾਜਮਾਂ ਨੇ ਪੁਲਿਸ ਮੁਲਾਜਮਾਂ ਉਪਰ ਧੱਕੇਸਾਹੀ ਦੇ ਵੀ ਦੋਸ਼ ਲਗਾਏ। ਦਸਣਾ ਬਣਦਾ ਹੈ ਕਿ ਅੱਜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਹਿਰ ਵਿਚ ਵੱਖ ਵੱਖ ਸਮਾਗਮਾਂ ਵਿਚ ਪੁੱਜੇ ਹੋਏ ਸਨ। ਇਸ ਦੌਰਾਨ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਥਰਮਲ ਦੇ ਠੇਕਾ ਮੁਲਾਜਮਾਂ ਵਲੋਂ ਅਪਣੇ ਪਹਿਲਾਂ ਕੀਤੇ ਐਲਾਨ ਦੇ ਤਹਿਤ ਵਿਤ ਮੰਤਰੀ ਦੇ ਵਿਰੋਧ ਲਈ ਸਥਾਨਕ ਕਮਲਾ ਨਹਿਰੂ ਕਲੌਨੀ ਵਿਚ ਪੁੱਜ ਗਏ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਗੁਪਤਚਾਰ ਵਿਭਾਗ ਵਲੋਂ ਦਿੱਤੀ ਸੂਚਨਾ ਦੇ ਬਾਵਜੂਦ ਸਿਟੀ ਪੁਲਿਸ ਠੇਕਾ ਮੁਲਾਜਮਾਂ ਦੇ ਐਕਸ਼ਨ ਨੂੰ ਜਾਣ ਨਹੀਂ ਪਾਈ। ਸੂਤਰਾਂ ਮੁਤਾਬਕ ਪੰਜ ਦਰਜ਼ਨ ਦੇ ਕਰੀਬ ਠੇਕਾ ਮੁਲਾਜਮ ਪੁਲਿਸ ਨੂੰ ਝਕਾਨੀ ਦੇ ਕੇ ਕਾਫ਼ੀ ਸਮਾਂ ਪਹਿਲਾਂ ਹੀ ਪ੍ਰੋਗਰਾਮ ਵਾਲੀ ਥਾਂ ਦੇ ਨਜਦੀਕ ਇੱਕ ਕੰਮ ਦੇ ਨਾਲ ਲੁਕ ਕੇ ਬੈਠ ਗਏ। ਪੁਲਿਸ ਆਸ ਪਾਸ ਨਾਕੇ ਲਗਾਉਂਦੀ ਰਹਿ ਗਈ। ਇਸ ਦੌਰਾਨ ਜਦ ਮਨਪ੍ਰੀਤ ਸਿੰਘ ਬਾਦਲ ਸਮਾਗਮ ਵਾਲੀ ਥਾਂ ’ਤੇ ਪੁੱਜ ਕੇ ਸੰਬੋਧਨ ਕਰਨ ਲੱਗੇ ਤਾਂ ਅਚਾਨਕ ਇੰਨ੍ਹਾਂ ਕਾਮਿਆਂ ਨੇ ਖ਼ੜੇ ਹੋ ਕੇ ਵਿਤ ਮੰਤਰੀ ਵਿਰੁਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸਤੋਂ ਬਾਅਦ ਸ਼ਹਿਰ ਦੇ ਡੀਐਸਪੀ ਦੀ ਅਗਵਾਈ ’ਚ ਵੱਡੀ ਗਿਣਤੀ ਵਿਚ ਮੌਜੂਦ ਪੁਲਿਸ ਹੱਕੀ-ਬੱਕੀ ਰਹਿ ਗਈ। ਪੁਲਿਸ ਨੇ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਇੰਨ੍ਹਾਂ ਕਾਮਿਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਪ੍ਰੰਤੂ ਇਸਦੇ ਬਾਵਜੂਦ ਠੇਕਾ ਮੁਲਾਜਮ ਕਰੀਬ 15 ਮਿੰਟ ਅਪਣੀ ਹਾਜ਼ਰੀ ਲਗਾਉਣ ਵਿਚ ਸਫ਼ਲ ਰਹੇ। ਬਾਅਦ ਵਿਚ ਇੰਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਥਰਮਲ ਵਿਚ ਬੰਦ ਕਰ ਦਿੱਤਾ। ਜਿੱਥੇ ਕਿਸਾਨ ਜਥੇਬੰਦੀਆਂ, ਪਨਬਸ ਮੁਲਾਜਮ ਤੇ ਹੋਰ ਠੇਕਾ ਕਾਮਿਆਂ ਨੇ ਪੁੱਜ ਕੇ ਧਰਨਾਂ ਸ਼ੁਰੂ ਕਰ ਦਿੱਤਾ, ਜਿਸਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ। ਠੇਕਾ ਮੁਲਾਜਮ ਆਗੂ ਜਗਸੀਰ ਸਿੰਘ, ਜਗਰੂਪ ਸਿੰਘ ਲਹਿਰਾ ਤੇ ਹਰਜਿੰਦਰ ਸਿੰਘ ਆਦਿ ਨੇ ਰਿਹਾਅ ਹੋਣ ਤੋਂ ਬਾਅਦ ਐਲਾਨ ਕੀਤਾ ਕਿ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਤੱਕ ਅਪਣਾ ਸੰਘਰਸ਼ ਜਾਰੀ ਰੱਖਣਗੇ।