ਮੁਲਾਜ਼ਮ ਕਰਨਗੇ ਜਲੰਧਰ ਜ਼ਿਮਨੀ ਚੋਣਾਂ ਵਿੱਚ ਸਰਕਾਰ ਖ਼ਿਲਾਫ਼ ਪੋਲ ਖੋਲ੍ਹ ਰੈਲੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਮਾਰਚ : ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਆਗੂਆਂ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਪੰਜਾਬ ਦੇ ਸਮੂਹ ਮੁਲਾਜ਼ਮ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖਫ਼ਾ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਨਾਲ ਵੋਟਾਂ ਤੋਂ ਪਹਿਲਾਂ ਅਨੇਕਾਂ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ। ਜਿਵੇਂ ਕਿ 17.07.2020 ਦਾ ਕੇਂਦਰੀ ਪੇਅ ਸਕੇਲਾਂ ਦਾ ਨੋਟੀਫਿਕੇਸ਼ਨ ਰੱਦ ਕਰਕੇ ਪੰਜਾਬ ਦਾ ਪੇਅ ਸਕੇਲ ਬਹਾਲ ਕਰਨਾ, ਦੂਰ ਦੁਰਾਡੇ ਕੰਮ ਕਰਦੇ ਮੁਲਾਜ਼ਮਾਂ ਖ਼ਾਸਕਰ ਅਧਿਆਪਕਾਂ ਨੂੰ ਪਹਿਲ ਦੇ ਆਧਾਰ ਤੇ ਬਦਲੀਆਂ ਦਾ ਮੌਕਾ ਦੇ ਕੇ ਪਿੱਤਰੀ ਜ਼ਿਲਿਆਂ ਵਿੱਚ ਲਿਆਉਣਾ, ਪਰਖਕਾਲ ਦਾ ਸਮਾਂ ਘੱਟ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ। ਪਰ ਇਕ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਹਨਾਂ ਵਾਅਦਿਆਂ ਵਿੱਚੋਂ ਇਕ ਵੀ ਵਾਅਦਾ ਵਫ਼ਾ ਨਹੀਂ ਹੋ ਸਕਿਆ। ਜਿਸ ਕਾਰਨ ਸਮੂਹ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਪੰਜਾਬ ਦੇ ਵਿੱਤ ਮੰਤਰੀ ਬਜਟ ਸੈਸ਼ਨ ਦੌਰਾਨ 17.07.2020 ਦੇ ਨੋਟੀਫਿਕੇਸ਼ਨ ਰੱਦ ਕਰਨ ਬਾਰੇ ਸਰਕਾਰ ਦੀ ਕੋਈ ਤਜਵੀਜ਼ ਨਾਂ ਹੋਣ ਬਾਰੇ ਦਿੱਤਾ ਗਿਆ ਬਿਆਨ ਬਹੁਤ ਹੀ ਮੰਦਭਾਗਾ ਹੈ। ਆਗੂਆਂ ਨੇ ਦੱਸਿਆ ਜਦੋਂ ਆਮ ਆਦਮੀ ਪਾਰਟੀ ਦੇ ਇਹ ਹੀ ਨੇਤਾ ਸ੍ਰ ਹਰਪਾਲ ਚੀਮਾ ਤੇ ਅਮਨ ਅਰੋੜਾ ਵਿਰੋਧੀ ਧਿਰ ਚ ਸਨ ਤਾਂ ਇਹ ਕੇਂਦਰੀ ਪੇਅ ਸਕੇਲਾਂ ਦੇ ਵਿਰੋਧ ਵਿੱਚ ਸਨ। ਪਰ, ਸੱਤਾ ਵਿੱਚ ਆਉਂਦਿਆਂ ਹੀ ਇਹਨਾਂ ਦੇ ਤੇਵਰ ਬਦਲ ਗਏ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੁਆਰਾ ਕਰੋਨਾ ਕਾਲ ਦਾ ਫਾਇਦਾ ਲੈਂਦਿਆਂ ਬਿਨਾਂ ਕਿਸੇ ਚਰਚਾ ਦੇ ਪੰਜਾਬ ਦੇ ਮੁਲਾਜ਼ਮਾਂ ਤੇ ਥੋਪੇ ਕੇਂਦਰੀ ਪੇਅ ਸਕੇਲਾਂ ਨੂੰ ਹੀ ਇਹ ਆਪ ਪਾਰਟੀ ਦੇ ਨੇਤਾ ਹੁਣ ਚੰਗਾ ਦੱਸਣ ਲੱਗੇ ਹਨ। ਇਹਨਾਂ ਬਣਾਈਆਂ ਨੀਤੀਆਂ ਦਾ ਖਮਿਆਜ਼ਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਸਮੁੱਚੀ ਕਾਂਗਰਸ ਪਾਰਟੀ ਭੁਗਤ ਚੁੱਕੀ ਹੈ ਤੇ ਹੁਣ ਆਮ ਆਦਮੀ ਪਾਰਟੀ ਵੀ ਇਸ ਰਾਹ ਹੀ ਤੁਰ ਪਈ ਹੈ। ਇਸ ਤਰ੍ਹਾਂ ਨਾ ਹੀ ਪਰਖਕਾਲ ਸਮਾਂ ਘੱਟ ਕਰਨ ਤੇ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਕੋਈ ਫੈਸਲਾ ਲਿਆ ਹੈ। ਇਸ ਤਰ੍ਹਾਂ ਹੀ ਪੰਜਾਬ ਦੇ ਅਧਿਆਪਕਾਂ ਨਾਲ ਜੋ ਵਾਅਦਾ ਕੀਤਾ ਗਿਆ ਸੀ। ਜਿਵੇਂ 3704 ਮਾਸਟਰ ਕੇਡਰ ਭਰਤੀ, 2392 ਮਾਸਟਰ ਕੇਡਰ ਭਰਤੀ, 6635 ਈ.ਟੀ.ਟੀ ਅਧਿਆਪਕ ਆਪਣੇ ਘਰਾਂ ਤੋਂ ਦੂਰ ਦੁਰਾਡੇ 250-300 ਕਿਲੋਮੀਟਰ ਦੂਰ ਬੇਸਿਕ ਤਨਖ਼ਾਹਾਂ ਤੇ ਕੰਮ ਕਰ ਰਹੇ ਹਨ। ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਦਲੀਆਂ ਦਾ ਮੌਕਾ ਦੇ ਕੇ ਆਪਣੇ ਪਿੱਤਰੀ ਜ਼ਿਲਿਆਂ ਵਿੱਚ ਲਿਆਂਦਾ ਜਾਵੇਗਾ। ਪਿਛਲੇ ਦਿਨੀਂ ਹੋਏ ਸੜਕ ਹਾਦਸਿਆਂ ਵਿੱਚ ਕਿੰਨੇ ਅਧਿਆਪਕ ਆਪਣੀ ਜਾਨ ਗੁਆ ਬੈਠੇ ਹਨ। ਪਰ ਸਰਕਾਰ ਨੇ ਇਕ ਟਵੀਟ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ ਤੇ ਨਾ ਹੀ ਇਸ ਸੜਕ ਹਾਦਸੇ ਤੋਂ ਕੋਈ ਸਬਕ ਲਿਆ। ਸਗੋਂ ਇਹਨਾਂ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਵਾਸਤੇ ਖੋਲੇ ਗਏ ਪੋਰਟਲ ਵਿੱਚ ਅਪਲਾਈ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਬਦਲੀਆਂ ਵਾਸਤੇ ਖੋਲੇ ਪੋਰਟਲ ਵਿੱਚ 3704 ਅਤੇ 2392 ਮਾਸਟਰ ਕੇਡਰ ਅਧਿਆਪਕਾਂ ਤੇ 6635 ਈ.ਟੀ.ਟੀ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇ। ਜਿੰਨਾਂ ਅਧਿਆਪਕਾਂ ਦੀ ਪਿਛਲੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਹੋਈ ਹੈ।ਉਹਨਾਂ ਦੇ ਇਕ ਇਕ ਪਰਿਵਾਰਕ ਮੈਂਬਰ ਨੂੰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਜ਼ਖ਼ਮੀ ਹੋਏ ਅਧਿਆਪਕਾਂ ਦਾ ਇਲਾਜ਼ ਸਰਕਾਰ ਦੁਆਰਾ ਕਰਵਾਇਆ ਜਾਵੇ ਤੇ ਉਹਨਾਂ ਦੇ ਮੁਕੰਮਲ ਠੀਕ ਹੋਣ ਤੱਕ ਉਹਨਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ। ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਨਾਲ ਕ੍ਰਮਵਾਰ 5 ਅਤੇ 6 ਅਪ੍ਰੈਲ ਨੂੰ ਮੀਟਿੰਗ ਹੈ। ਜੇਕਰ ਸਰਕਾਰ ਵੱਲੋਂ ਮੀਟਿੰਗ ਵਿੱਚ ਕੋਈ ਸਾਰਥਕ ਹੱਲ ਨਾਂ ਕੱਢਿਆ ਤਾਂ ਅਪ੍ਰੈਲ ਮਹੀਨੇ ਵਿੱਚ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਪੈਂਦੇ ਵਿਧਾਨਸਭਾ ਹਲਕਿਆਂ ਜਿਵੇਂ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ ਆਦਮਪੁਰ ਤੇ ਸਾਰੇ ਜਲੰਧਰ ਸ਼ਹਿਰੀ ਹਲਕਿਆਂ ਵਿੱਚ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਕੀਤੀ ਗਈ ਵਾਅਦਾ ਖਿਲਾਫੀ ਦੀ ਪੋਲ ਰੈਲੀਆਂ ਕਰਕੇ ਖੋਲੀ ਜਾਵੇਗੀ। ਇਹ ਗੱਲ ਜਲੰਧਰ ਦੇ ਲੋਕਾਂ ਦੀ ਕਚਹਿਰੀ ਵਿੱਚ ਲਿਆਂਦੀ ਜਾਵੇਗੀ ਕਿ ਕਿਵੇਂ ਸਰਕਾਰ ਨੇ ਸਿਰਫ ਐਲਾਨ ਕਰਕੇ ਸਿਆਸੀ ਲਾਹੇ ਹੀ ਖੱਟੇ ਹਨ। ਇਸ ਸਮੇਂ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸਮੂਹ ਕਨਵੀਨਰ ਹਰਜਿੰਦਰ ਸਿੰਘ, ਯੁੱਧਜੀਤ ਸਿੰਘ, ਸ਼ਲਿੰਦਰ ਕੰਬੋਜ, ਨਵਜੀਵਨ ਸਿੰਘ, ਸੁਰਿੰਦਰ ਸਿੰਘ, ਸਸ਼ਪਾਲ ਸਿੰਘ, ਬਲਵੰਤ ਸਿੰਘ ਸੋਹੀ, ਰਣਜੀਤ ਕੌਰ, ਜੈਦੇਵ, ਅਰਵਿੰਦਰ ਸਿੰਘ ਆਦਿ ਆਗੂ ਮੌਜੂਦ ਸਨ
Share the post "ਮਾਨ ਸਰਕਾਰ ਦੇ ਟਾਲ ਮਟੋਲ ਵਾਲੇ ਰਵੱਈਏ ਤੋਂ ਖ਼ਫ਼ਾ ਪੰਜਾਬ ਦੇ ਮੁਲਾਜ਼ਮ-ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ"