ਸ਼ਿਕਾਇਤ ਮਿਲਣ ’ਤੇ ਤੁਰੰਤ ਫਲਾਇੰਗ ਟੀਮ ਨਾਲ ਨਰੀਖਣ ਕਰਨ ਪਹੁੰਚੇ ਚੇਅਰਮੈਨ ਮੋਹੀ ਨੇ ਜ਼ਬਤ ਕੀਤੀਆਂ ਟੋਟੇ ਦੀਆਂ 804 ਅਣ-ਐਲਾਨੀਆਂ ਬੋਰੀਆਂ
ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ’ਜ਼ੀਰੋ ਟੋਲਰੈਂਸ ਨੀਤੀ’ ਅਨੁਸਾਰ ਕੰਮ ਕਰ ਰਿਹਾ ਮਾਰਕਫੈੱਡ: ਅਮਨਦੀਪ ਮੋਹੀ
ਰਾਈਸ ਮਿੱਲਰਜ਼ ਭ੍ਰਿਸ਼ਟਾਚਾਰ ਅਤੇ ਮਿਲਾਵਟ ਤੋਂ ਕਰਨ ਪਰਹੇਜ਼: ਮੋਹੀ
ਪੰਜਾਬੀ ਖ਼ਬਰਸਾਰ ਬਿਉਰੋ
ਮਲੇਰਕੋਟਲਾ,28 ਦਸੰਬਰ: ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ’ਜ਼ੀਰੋ ਟੋਲਰੈਂਸ ਨੀਤੀ’ ’ਤੇ ਚਲਦਿਆਂ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਮਲੇਰਕੋਟਲਾ ਵਿਖੇ ਲਕਸ਼ਮੀ ਰਾਇਸ ਮਿੱਲ, ਅਹਿਮਦਗੜ੍ਹ ਖ਼ਿਲਾਫ਼ ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤ ਮਿਲਣ ’ਤੇ ਕਾਰਵਾਈ ਕਰਦਿਆਂ ਅੱਜ ਮਿੱਲ ’ਤੇ ਅਚਨਚੇਤ ਛਾਪੇਮਾਰੀ ਕੀਤੀ।ਬੁੱਧਵਾਰ ਨੂੰ ਲਕਸ਼ਮੀ ਚੌਲ ਮਿੱਲ ਦੀ ਭੌਤਿਕ ਪੜਤਾਲ ਦੌਰਾਨ ਚੇਅਰਮੈਨ ਅਮਨਦੀਪ ਸਿੰਘ ਮੋਹੀ ਦੀ ਅਗਵਾਈ ਵਾਲੀ ਮਾਰਕਫੈੱਡ ਦੀ ਫਲਾਇੰਗ ਸਕੁਆਇਡ ਨੂੰ ਟੋਟੇ ਦੀਆਂ 804 ਅਣ-ਐਲਾਨੀਆਂ ਬੋਰੀਆਂ ਮਿਲੀਆਂ ਨਾਲ ਹੀ 253 ਚੌਲਾਂ ਦੀਆਂ ਬੋਰੀਆਂ ਘੱਟ ਪਾਈਆਂ ਗਈਆਂ। ਇਸ ਤੋਂ ਇਲਾਵਾ ਮਿੱਲ ਵਿੱਚ 9 ਵੇਗਨ (ਗੱਡੀਆਂ, 580ਗ9 ਬੋਰੀਆਂ) ਚੌਲ ਵਾਧੂ ਪੀੜ ਕੇ ਰੱਖੇ ਗਏ ਸਨ।ਅਮਨਦੀਪ ਮੋਹੀ ਨੇ ਕਿਹਾ ਕਿ 9 ਗੱਡੀਆਂ ਵਾਧੂ ਪੀੜ ਕੇ ਰੱਖਣ ਲਈ ਸੰਬੰਧਤ ਸ਼ੈੱਲਰ ’ਤੇ ਕਾਰਵਾਈ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਣ-ਐਲਾਨੀਆਂ ਟੋਟੇ ਦੀਆਂ ਬੋਰੀਆਂ, ਜੋ ਸ਼ੈੱਲਰ ਵੱਲੋਂ ਚਾਵਲਾਂ ’ਚ ਮਿਲਾ ਕੇ ਸਰਕਾਰ ਨੂੰ ਵੇਚਿਆ ਜਾ ਰਿਹਾ ਸੀ, ਲਈ ਉਨ੍ਹਾਂ ’ਤੇ ਪੈਡੀ ਪਾਲਿਸੀ ਦੇ ਕਲਾੱਸ ਨੰ. 9 ਦੇ ਸਬ-ਕਲਾੱਸ V ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਚੇਅਰਮੈਨ ਮੋਹੀ ਨੇ ਕਿਹਾ ਕਿ ਮਾਨ ਸਰਕਾਰ ਦੀ ਪਹਿਲੇ ਦਿਨ ਤੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਹੈ। ਮਾਰਕਫੈੱਡ ਵੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਫ਼ ਸੁਥਰੇ ਅਤੇ ਪਾਰਦਰਸ਼ੀ ਪ੍ਰਣਾਲੀ ਲਈ ਵਚਨਬੱਧ ਹੈ। ਉਨ੍ਹਾਂ ਰਾਈਸ ਮਿੱਲਰਜ਼ ਨੂੰ ਤਾੜਨਾ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਮਿਲਾਵਟ ਤੋਂ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਲਕਸ਼ਮੀ ਰਾਇਸ ਮਿੱਲ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਛਾਪੇਮਾਰੀ ਦੌਰਾਨ ਪਾਈਆਂ ਗਈਆਂ ਕਮੀਆਂ ਅਤੇ ਨਿਯਮਾਂ ਦੀ ਉਲੰਘਣਾ ਦੀ ਮੁੱਢਲੀ ਰਿਪੋਰਟ ਤਿਆਰ ਕਰਕੇ ਅਗਲੀ ਕਾਰਵਾਈ ਲਈ ਦਾਖਲ ਕੀਤੀ ਜਾ ਚੁੱਕੀ ਹੈ।
Share the post "ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਮੋਹੀ ਵੱਲੋਂ ਅਹਿਮਦਗੜ੍ਹ ’ਚ ਚੌਲ ਮਿੱਲ ’ਤੇ ਅਚਨਚੇਤ ਛਾਪੇਮਾਰੀ"