ਗ਼ਰੀਬ ਬਸਤੀਆਂ ਅਤੇ ਪਿੰਡਾਂ ਨੂੰ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾਣ ਸਿਹਤ ਸਹੂਲਤਾਂ
ਮਾਵਾਂ ਦੀ ਮੌਤ ਦਰ ਘਟਾਉਣ ਅਤੇ ਸਿਹਤ ਸੰਭਾਲ ਸਬੰਧੀ ਸੈਮੀਨਾਰ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਮੁਲਕ ਅੰਦਰ ਵੱਧ ਰਹੀ ਆਬਾਦੀ ਭਾਵੇਂ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਫ਼ਿਰ ਵੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਦੇਸ਼ ਅੱਗੇ ਵੱਧ ਰਿਹਾ ਹੈ। ਇਸ ਦੇ ਨਾਲ ਹੀ ਮਾਲਵੇ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਏਮਜ਼ ਬਠਿੰਡਾ ਨਵੀਂਆਂ ਮੰਜ਼ਿਲਾਂ ਸਰ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸਨਰ ਸ੍ਰੀ ਸੌਕਤ ਅਹਿਮਦ ਪਰੇ ਨੇ ਸਥਾਨਕ ਏਮਜ ਵਿਖੇ “ਮਿਸ਼ਨ ਤੰਦਰੁਸਤ ਪੰਜਾਬ“ ਤਹਿਤ “ਮਾਵਾਂ ਦੀ ਮੌਤ ਦਰ ਘਟਾਉਣ ਤੇ ਸਿਹਤ ਸੰਭਾਲ“ ਸਬੰਧੀ ਕਰਵਾਏ ਗਏ ਸੈਮੀਨਾਰ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਏਮਜ਼ ਅਤੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਗ਼ਰੀਬ ਬਸਤੀਆਂ ਤੇ ਪੇਂਡੂ ਲੋਕਾਂ ਤੱਕ ਸਿਹਤ ਸਹੂਲਤਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਤੋਂ ਦੂਰ-ਦੁਰਾਡੇ ਵਾਲੇ ਪਿੰਡਾਂ ਤੇ ਗ਼ਰੀਬ ਦੇ ਬਸਤੀਆਂ ਦੇ ਕਿਹੜੇ-ਕਿਹੜੇ ਲੋਕਾਂ ਨੂੰ ਕੀ-ਕੀ ਬਿਮਾਰੀਆਂ ਹਨ ਦੀ ਪੂਰੀ ਤਰ੍ਹਾਂ ਜਾਂਚ-ਪੜਤਾਲ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਸਮੇਂ-ਸਿਰ ਅਤੇ ਸਹੀ ਤਰੀਕੇ ਨਾਲ ਢੁੱਕਵੀਂਆਂ ਸਿਹਤ ਸਹੂਲਤਾਂ ਦਾ ਲਾਹਾ ਮਿਲ ਸਕੇ।
ਇਸ ਮੌਕੇ ਉਨ੍ਹਾਂ ਮੌਜੂਦ ਡਾਕਟਰੀ ਅਮਲੇ ਨੂੰ ਅਪੀਲ ਕਰਦਿਆਂ ਕਿਹਾ ਕਿ ਗ਼ਰੀਬ ਲੋਕਾਂ ਦਾ ਇਲਾਜ਼ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਹੋਰ ਸਖਸ਼ੀਅਤਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਦੇ ਮੱਦੇਨਜ਼ਰ 1-1 ਬੂਟਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਬਠਿੰਡਾ ਏਮਜ਼ ਦੇ ਡਾਇਰੈਕਟਰ ਡਾ. ਡੀਕੇ ਸਿੰਘ ਤੋਂ ਇਲਾਵਾ ਡਾ. ਜਤਿੰਦਰ ਕੌਰ ਅਰੋੜਾ, ਡਾ. ਲਾਜ਼ਿਆ ਦੇਵੀ ਗੋਇਲ ਅਤੇ ਸ਼੍ਰੀ ਸੰਜੀਵ ਮਲਹੋਤਰਾ ਆਦਿ ਸ਼ਖਸ਼ੀਅਤਾਂ ਵਲੋਂ ਮਾਵਾਂ ਦੀ ਮੌਤ ਦਰ ਘਟਾਉਣ ਅਤੇ ਸਿਹਤ ਸੰਭਾਲ ਸਬੰਧੀ ਏਮਜ਼ ਅਤੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਤੇ ਵਡਮੁੱਲੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਮਨੀਸ਼ ਕੁਮਾਰ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡੀਨ ਡਾ. ਸਤੀਸ਼ ਗੁਪਤਾ ਅਤੇ ਡਾ. ਸੀਮਾ ਗਰੋਵਰ ਆਦਿ ਸਖਸ਼ੀਅਤਾਂ ਤੋਂ ਇਲਾਵਾ ਡਾਕਟਰੀ ਸਟਾਫ਼ ਹਾਜ਼ਰ ਰਿਹਾ।
ਮਾਲਵੇ ਚ ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ ਏਮਜ਼ ਬਠਿੰਡਾ : ਸ਼ੌਕਤ ਅਹਿਮਦ ਪਰੇ
18 Views