ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ : ਜ਼ਿਲ੍ਹੇ ਦੇ ਪਿੰਡ ਕੋਟਫੱਤਾ ’ਚ ਮਾਸੂਮ ਦਲਿਤ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ਵਿਚ ਪਿਛਲੇ ਦਿਨੀਂ ਦੋਸ਼ੀ ਕਰਾਰ ਦਿੱਤੇ ਮਾਪਿਆਂ ਸਹਿਤ ਸੱਤ ਮੁਲਜਮਾਂ ਨੂੰ ਅੱਜ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਤੋਂ ਇਲਾਵਾ ਦੋਸ਼ੀਆਂ ਨੂੰ ਅਦਾਲਤ ਵਲੋਂ 10-10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ, ਜਿਸਨੂੰ ਅਦਾ ਨਾ ਕਰਨ ਦੀ ਸੂਰਤ ਵਿਚ ਅਲੱਗ ਤੋਂ ਸਜ਼ਾ ਕੱਟਣੀ ਹੋਵੇਗੀ। ਦੋਸ਼ੀਆਂ ਨੂੰ ਇਹ ਸਜ਼ਾ ਧਾਰਾ 120 ਬੀ, 302 ਅਤੇ 34 ਆਈ.ਪੀ.ਸੀ ਤਹਿਤ ਸੁਣਾਈ ਗਈ ਹੈ। ਦੋਸ਼ੀਆਂ ਵਿਚ ਮ੍ਰਿਤਕ ਮਾਸੂਮ ਬੱਚਿਆਂ ਦੇ ਮਾਪੇ, ਭੂਆ, ਦਾਦੀ, ਚਾਚਾ ਅਤੇ ਤਾਂਤਰਿਕ ਸ਼ਾਮਲ ਹੈ, ਜਿਸਨੇ ਇੱਕ ਭੂਆ ਦੇ ਘਰ ਔਲਾਦ ਨਾ ਹੋਣ ਕਾਰਨ ਇਹ ਕਾਰਾ ਕਰਨ ਲਈ ਮਜਬੂਰ ਕੀਤਾ ਸੀ। ਇਸ ਮਾਮਲੇ ਵਿਚ ਬੱਚਿਆਂ ਦੇ ਕੇਸ ਦੀ ਪੈਰਵੀ ਉੱਘੇ ਵਕੀਲ ਚਰਨਪਾਲ ਸਿੰਘ ਬਰਾੜ ਵਲੋਂ ਕੀਤੀ ਜਾ ਰਹੀ ਸੀ। ਇਸਤੋਂ ਇਲਾਵਾ ਇਸ ਮਾਮਲੇ ਵਿਚ ਬਣੀ ਸੰਘਰਸ਼ ਕਮੇਟੀ ਵਲੋਂ ਵੀ ਦੋਸੀਆਂ ਨੂੰ ਸਜ਼ਾ ਦਿਵਾਉਣ ਵਿਚ ਵੱਡਾ ਯੋਗਦਾਨ ਪਾਇਆ ਗਿਆ। ਦਸਣਾ ਬਣਦਾ ਹੈ ਕਿ ਦੋਸ਼ਣ ਅਮਨਦੀਪ ਕੌਰ ਜੋਕਿ ਮ੍ਰਿਤਕ ਬੱਚਿਆਂ ਦੀ ਸਕੀ ਭੂਆ ਸੀ, ਦੇ ਘਰ ਔਲਾਦ ਨਹੀਂ ਸੀ। ਇਸ ਦੌਰਾਨ ਉਨ੍ਹਾਂ ਨੂੰ ਇੱਕ ਤਾਂਤਰਿਕ ਲਖਵਿੰਦਰ ਸਿੰਘ ਉਰਫ਼ ਲੱਖੀ ਮਿਲਿਆ, ਜਿਸਨੇ ਦਸਿਆ ਕਿ ਉਸਦੇ ਔਲਾਦ ਹੋਣ ਲਈ ਬੱਚਿਆਂ ਦੀ ਬਲੀ ਦੇਣੀ ਪਏਗੀ। ਅਮਨਦੀਪ ਕੌਰ ਦੇ ਕਹਿਣ ’ਤੇ ਉਸਦੇ ਭਰਾ ਕੁਲਵਿੰਦਰ ਸਿੰਘ ਤੇ ਭਰਜਾਈ ਕੌਰ ਰੋਜ਼ੀ ਕੌਰ, ਦਾਦੀ ਨਿਰਮਲ ਕੌਰ, ਚਾਚਾ ਜਸਪ੍ਰੀਤ ਸਿੰਘ ਅਤੇ ਇੱਕ ਹੋਰ ਭੂਆ ਗਗਨਦੀਪ ਕੌਰ ਨੇ ਮਿਲਕੇ ਮਾਸੂਮ ਅੱਠ ਸਾਲਾਂ ਰਣਯੋਧ ਸਿੰਘ ਤੇ 3 ਸਾਲਾਂ ਅਨਾਮਿਕਾ ਕੌਰ ਦੀ 8 ਮਾਰਚ 2007 ਨੂੰ ਬੇਰਹਿਮੀ ਨਾਲ ਬਲੀ ਦੇ ਦਿੱਤੀ ਗਈ ਸੀ। ਹਾਲਾਂਕਿ ਪ੍ਰਵਾਰ ਨੇ ਦਾਅਵਾ ਕੀਤਾ ਸੀ ਕਿ ਤਾਂਤਾਰਿਕ ਲਖਵਿੰਦਰ ਲੱਖੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਬੱਚੇ ਮਰਨ ਤੋਂ ਬਾਅਦ ਮੁੜ ਜਿੰਦਾ ਹੋ ਜਾਣਗੇ ਪ੍ਰੰਤੂ ਅਜਿਹਾ ਨਹੀਂ ਹੋਇਆ। ਜਿਸਤੋਂ ਬਾਅਦ ਉਨ੍ਹਾਂ ਲਾਸਾਂ ਦਾ ਸੰਸਕਾਰ ਕਰ ਦਿੱਤਾ। ਇਸ ਦੌਰਾਨ ਮਾਮਲਾ ਪਿੰਡ ਦੇ ਕੁੱਝ ਲੋਕਾਂ ਨੂੰ ਪਤਾ ਲੱਗ ਗਿਆ ਤੇ ਪੁਲਿਸ ਨੂੰ ਸੂਚਨਾ ਮਿਲੀ। ਪੁਲਿਸ ਵਲੋਂ ਮੁਢਲੀ ਪੜਤਾਲ ਤੋਂ ਬਾਅਦ ਪਰਚਾ ਦਰਜ਼ ਕਰ ਲਿਆ ਗਿਆ ਸੀ। ਜਿਸਤੋਂ ਬਾਅਦ ਮ੍ਰਿਤਕ ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਐਕਸ਼ਨ ਕਮੇਟੀ ਬਣਾਈ ਗਈ, ਜਿਸਨੇ ਅਪਣੇ ਪੱਧਰ ’ਤੇ ਬੱਚਿਆਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਕੀਤਾ।
Share the post "ਮਾਸੂਮ ਭੈਣ-ਭਰਾ ਦੀ ਬਲੀ ਦੇਣ ਵਾਲਿਆਂ ਮਾਪਿਆਂ ਸਹਿਤ ਸੱਤ ਮੁਲਜਮਾਂ ਨੂੰ ਹੋਈ ਉਮਰਕੈਦ"