24 Views
ਕਾਂਗਰਸ ਨੇ ਜਾਰੀ ਕੀਤੀ ਆਖ਼ਰੀ ਅੱਠ ਉਮੀਦਵਾਰਾਂ ਦੀ ਸੂਚੀ
ਜਲਾਲਾਬਾਦ ਤੋਂ ਰਮਿੰਦਰ ਆਵਲਾ ਤੇ ਨਵਾਂਸਹਿਰ ਤੋਂ ਅੰਗਤ ਸਿੰਘ ਦਾ ਟਿਕਟ ਕੱਟਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਜਨਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਅਪਣੀ ਆਖ਼ਰੀ ਸੂਚੀ ਜਾਰੀ ਕਰਦਿਆਂ ਕਾਂਗਰਸ ਹਾਈਕਮਾਂਡ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੋਰਿੰਡਾ ਦੇ ਨਾਲ-ਨਾਲ ਭਦੋੜ ਹਲਕੇ ਤੋਂ ਵੀ ਚੋਣ ਲੜਾਉਣ ਦਾ ਫੈਸਲਾ ਲਿਆ ਹੈ। ਇਸ ਹਲਕੇ ਤੋਂ 2017 ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਪਿਰਮਿਲ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਸੀ, ਜਿਹੜੇ ਬਾਅਦ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਚੰਨੀ ਨੂੰ ਇਸ ਹਲਕੇ ਤੋਂ ਚੋਣ ਲੜਾਉਣ ਪਿੱਛੇ ਦੱਖਣੀ ਮਾਲਵਾ ’ਚ ਕਾਂਗਰਸ ਵਿਚ ਉਤਸ਼ਾਹ ਭਰਨ ਦੀ ਰਣਨੀਤੀ ਦੱਸੀ ਜਾ ਰਹੀ ਹੈ। ਉਧਰ ਕਾਂਗਰਸ ਵਲੋਂ ਅੱਜ ਜਾਰੀ ਸੂਚੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਤੋਂ ਪਿਛਲੀਆਂ ਜਿਮਨੀ ਚੋਣਾਂ ’ਚ ਵੱਡੀ ਜਿੱਤ ਹਾਸਲ ਕਰਨ ਵਾਲੇ ਰਮਿੰਦਰ ਆਵਲਾ ਦੀ ਟਿਕਟ ਕੱਟ ਕੇ ਉਨ੍ਹਾਂ ਦੀ ਸਾਬਕਾ ਐਮ.ਪੀ ਮੋਹਨ ਸਿੰਘ ਫ਼ਲੀਆਵਾਲਾ ਨੂੰ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਨਵਾਸ਼ਹਿਰ ਤੋਂ ਮੌਜੂਦਾ ਵਿਧਾਇਕ ਅੰਗਦ ਸਿੰਘ ਦਾ ਟਿਕਟ ਕੱਟ ਦਿੱਤਾ ਗਿਆ ਹੈ। ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਅੰਗਦ ਸਿੰਘ ਦੀ ਉਤਰ ਪ੍ਰਦੇਸ਼ ਤੋਂ ਕਾਂਗਰਸ ਦੀ ਐਮਐਲਏ ਪਤਨੀ ਦੇ ਭਾਜਪਾ ਵਿਚ ਸ਼ਾਮਲ ਹੋਣਾ ਹੈ। ਇਸਤੋਂ ਇਲਾਵਾ ਆਖ਼ਰੀ ਸੂਚੀ ਵਿਚ ਬਰਨਾਲਾ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਸਾਬਕਾ ਐਮ.ਪੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਅਟਾਰੀ ਰਿਜ਼ਰਵ ਤੋਂ ਤਰਸੇਮ ਸਿੰਘ ਸਿਆਲਕਾ, ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਲੁਧਿਆਣਾ ਦੱਖਣੀ ਤੋਂ ਈਸਵਰਜੋਤ ਸਿੰਘ ਚੀਮਾ ਅਤੇ ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਸਾਬਕਾ ਮੇਅਰ ਵਿਸਨੂੰ ਸ਼ਰਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।