ਤਹਿਸੀਲਦਾਰ ਨੂੰ ਬਿਨ੍ਹਾਂ ਦਸਤਾਵੇਜ਼ਾਂ ਤੋਂ ਰਜਿਸਟਰੀ ਕਰਵਾਉਣ ਲਈ ਸੀ ਧਮਕਾਇਆ
ਸੁਖਜਿੰਦਰ ਮਾਨ
ਲੁਧਿਆਣਾ, 3 ਮਈ : ਖੁਦ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪੀਏ ਦੱਸ ਕੇ ਤਹਿਸਲੀਦਾਰ ਨੂੰ ਧਮਕਾਉਣ ਵਾਲੇ ਇੱਕ ਵਿਅਕਤੀਆਂ ਵਿਰੁਧ ਇੱਥੋਂ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀ ਦੀ ਪਹਿਚਾਣ ਕਰਮਜੀਤ ਸਿੰਘ ਵਾਸੀ ਦੁਗਰੀ ਦੇ ਤੌਰ ‘ਤੇ ਹੋਈ ਹੈ, ਜੋਕਿ ਕਚਿਹਰੀਆਂ ਵਿਚ ਏਜੰਟ ਦੇ ਤੌਰ ’ਤੇ ਕੰਮ ਕਰਦਾ ਸੀ। ਲੁਧਿਆਣਾ ਪੁਲਿਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਨੇ ਕਿਸੇ ਵਿਅਕਤੀ ਤੋਂ ਅੱਗੇ ਰਜਿਸਟਰੀ ਕਰਵਾਉਣ ਦਾ ਭਰੋਸਾ ਦਿੱਤਾ ਹੋਇਆ ਸੀ ਤੇ ਪ੍ਰੰਤੂ ਇਸਦੇ ਲਈ ਦਸਤਾਵੇਜ਼ ਅਧੂਰੇ ਸਨ। ਜਿਸ ਕਾਰਨ ਉਸਨੇ ਅਪਣਾ ਕੰਮ ਕਰਵਾਉਣ ਲਈ ਮੁੱਖ ਮੰਤਰੀ ਦੀ ਪੀਏ ਬਣ ਕੇ ਫ਼ੋਨ ਕੀਤਾ ਸੀ। ਪੁਲਿਸ ਵਲੋਂ ਇਹ ਕੇਸ ਤਹਿਸੀਲਦਾਰ ਡਾ ਵਿਨੇ ਬਾਂਸਲ ਦੀ ਸਿਕਾਇਤ ਦੇ ਆਧਾਰ ’ਤੇ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਭ ਤੋਂ ਪਹਿਲਾਂ ਉਕਤ ਵਿਅਕਤੀ ਨੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੂੰ ਫ਼ੋਨ ਕੀਤਾ ਸੀ ਪ੍ਰੰਤੂ ਉਕਤ ਮਹਿਲਾ ਅਧਿਕਾਰੀ ਨੇ ਇਸ ਨੌਸਰਬਾਜ਼ ਨੂੰ ਟਾਲਦਿਆਂ ਦੋ ਦਿਨਾਂ ਬਾਅਦ ਤਹਿਸੀਲਦਾਰ ਡਾ ਵਿਨੇ ਬਾਂਸਲ ਨਾਲ ਗੱਲ ਕਰਨ ਲਈ ਕਹਿ ਦਿੱਤਾ। ਜਿਸਤੋਂ ਬਾਅਦ ਇਸਨੇ ਤਹਿਸੀਲਦਾਰ ਬਾਂਸਲ ਨੂੰ ਫ਼ੋਨ ਕੀਤਾ ਪ੍ਰੰਤੂ ਉਸ ਵਲੋਂ ਫ਼ੋਨ ਨਾ ਚੁੱਕਣ ’ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਲੈਂਡ ਲਾਈਨ ਉਪਰ ਫ਼ੋਨ ਕਰਕੇ ਸਿਕਾਇਤ ਲਗਾਉਂਦਿਆਂ ਤਹਿਸੀਦਲਾਰ ਨੂੰ ਅਪਣੇ ਨਾਲ ਗੱਲ ਕਰਨ ਦਾ ਹੁਕਮ ਚਾੜ ਦਿੱਤਾ। ਜਿਸਤੋਂ ਬਾਅਦ ਜਦ ਤਹਿਸੀਲਦਾਰ ਵਿਨੇ ਬਾਂਸਲ ਨੇ ਉਕਤ ਵਿਅਕਤੀ ਦੇ ਮੋਬਾਈਲ ਨੰਬਰ 8297814000 ’ਤੇ ਫੋਨ ਕੀਤਾ ਤਾਂ ਉਸਨੇ ਖ਼ੁਦ ਦੀ ਪਹਿਚਾਣ ਮੁੱਖ ਮੰਤਰੀ ਭਗਵੰਤ ਮਾਨ ਦੇ ਪੀਏ ਮਿਸਟਰ ਦਿਓਲ ਦੇ ਤੌਰ ’ਤੇ ਦੱਸਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਨਜਦੀਕੀ ਨੂੰ ਉਨ੍ਹਾਂ ਕੋਲ ਰਜਿਸਟਰੀ ਲਈ ਭੇਜ ਰਿਹਾ ਹੈ ਤੇ ਪ੍ਰੰਤੂ ਕੁੱਝ ਦਸਤਾਵੇਜ਼ ਘੱਟ ਹਨ, ਪ੍ਰੰਤੂ ਫ਼ਿਰ ਵੀ ਕੰਮ ਕਰ ਦਿੱਤਾ ਜਾਵੇ। ਇਸ ਦੌਰਾਨ ਤਹਿਸੀਲਦਾਰ ਬਾਂਸਲ ਨੂੰ ਉਕਤ ਵਿਅਕਤੀ ਦੇ ਗੱਲ ਕਰਨ ਦੇ ਢੰਗ ਤੋਂ ਉਸਦੇ ਮੁੱਖ ਮੰਤਰੀ ਦਾ ਪੀਏ ਹੋਣ ਦਾ ਮਾਮਲਾ ਸ਼ੱਕੀ ਜਾਪਿਆ ਤੇ ਉਨ੍ਹਾਂ ਤੁਰੰਤ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤੇ ਨਾਲ ਹੀ ਜਦ ਉਕਤ ਨਕਲੀ ਪੀਏ ਵਲੋਂ ਰਜਿਸਟਰੀ ਲਈ ਭੇਜਿਆ ਵਿਅਕਤੀ ਤਹਿਸੀਲ ਦਫ਼ਤਰ ਆਇਆ ਤਾਂ ਉਹ ਵੀ ਇੱਕ ਏਜੰਟ ਹੀ ਸੀ, ਜਿਸਦੇ ਚੱਲਦੇ ਸ਼ੱਕ ਯਕੀਨ ਵਿਚ ਬਦਲਣ ਲੱਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਵੀ ਮੁੱਖ ਮੰਤਰੀ ਦਫ਼ਤਰ ਗੱਲ ਕਰਕੇ ਤਸੱਲੀ ਕਰ ਲਈ ਤੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਜਿਸਤੋਂ ਬਾਅਦ ਪੁਲਿਸ ਨੇ ਕੇਸ ਦਰਜ਼ ਕਰਨ ਤੋਂ ਬਾਅਦ ਉਕਤ ਨਕਲੀ ਪੀਏ ਮਿਸਟਰ ਦਿਊਲ ਨੂੰ ਅੱਜ ਗਿ੍ਰਫਤਾਰ ਕਰ ਲਿਆ
ਮੁੱਖ ਮੰਤਰੀ ਭਗਵੰਤ ਮਾਨ ਦੇ ਜਾਅਲੀ ‘ਪੀਏ’ ਵਿਰੁਧ ਕੇਸ ਦਰਜ਼
17 Views