ਸਰਕਾਰ ਦੇ ਆਖਰੀ ਦੌਰ ਵਿੱਚ ਵਪਾਰੀਆਂ ਨੂੰ ਲੁਭਾਉਣੇ ਸੁਪਨੇ ਦਿਖਾ ਕੇ ਗੁੰਮਰਾਹ ਨਾ ਕਰੋ ਮੁੱਖ ਮੰਤਰੀ ਸਾਹਿਬ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ 27 ਅਕਤੂਬਰ:-ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਲੁਧਿਆਣਾ ਵਿਖੇ ਵਪਾਰੀਆਂ ਨੂੰ ਰਾਹਤ ਦੇਣ ਦੇ ਕੀਤੇ ਵੱਡੇ ਵੱਡੇ ਦਾਅਵਿਆਂ ’ਤੇ ਸਵਾਲ ਉਠਾਏ ਹਨ। ਇੱਥੇ ਜਾਰੀ ਬਿਆਨ ਵਿਚ ਸ਼੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜ ਸਾਲਾਂ ਵਿੱਚ ਪੰਜਾਬ ਲਈ ਕੋਈ ਕੰਮ ਨਹੀਂ ਕਰ ਸਕੀ ਅਤੇ ਖਾਸ ਕਰਕੇ ਵਪਾਰੀਆਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਵੀ ਮੁਹੱਈਆ ਨਹੀਂ ਕਰਵਾ ਸਕੀ, ਹੁਣ ਵੱਡੇ ਵੱਡੇ ਦਾਅਵੇ ਕਰਕੇ ਲੁਭਾਉਣੇ ਸੁਪਨੇ ਦਿਖਾ ਕੇ ਵਪਾਰੀਆਂ ਨੂੰ ਗੁੰਮਰਾਹ ਕਰਨ ਵੱਲ ਮੁੱਖ ਮੰਤਰੀ ਸਾਹਬ ਤੁਰੇ ਹੋਏ ਹਨ, ਜੋ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਸਰਕਾਰ ਦਾ ਸਮਾਂ ਤਾਂ ਇਕ ਮਹੀਨਾ ਰਹਿ ਗਿਆ ਤੇ ਹੁਣ ਕਿਹੜੇ ਵਾਅਦੇ, ਕਦੋਂ ਲਾਗੂ ਤੇ ਕੀ ਰਾਹਤ? ਸਭ ਸਮੇਂ ਤਹਿਤ ਖਤਮ ਹੋ ਚੁੱਕਿਆ ਹੈ ਤੇ ਕਾਂਗਰਸ ਸਰਕਾਰ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ । ਸਿੰਗਲਾ ਨੇ ਕਿਹਾ ਕਿ ਵਪਾਰੀਆਂ ਨੂੰ ਫਿਕਸ ਸਰਚਾਰਜ ਵਿੱਚ 50 ਫੀਸਦੀ ਰਾਹਤ ਦੇਣਾ ਮੁੱਖ ਮੰਤਰੀ ਸਾਹਬ ਕਿਹੜੀ ਰਾਹਤ ਹੈ ? ਰਾਹਤ ਇਹ ਹੁੰਦੀ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਆਖਰੀ ਦੀਵਾਲੀ ਮੌਕੇ ਸਰਕਾਰ ਵਪਾਰੀਆਂ ਨੂੰ ਦੋ ਕਿਲੋਵਾਟ ਦੇ ਬਕਾਏ ਮੁਆਫ਼ ਵਾਲੀ ਸਕੀਮ ਵਿੱਚ ਸ਼ਾਮਲ ਕਰਦੀ, ਇਸ ਦਾ ਦਾਇਰਾ ਤਿੰਨ ਕਿਲੋਵਾਟ ਕਰਦੀ, ਤਾਂ ਜੋ ਕੋਰੋਨਾ ਮਹਾਂਮਾਰੀ ਦੌਰਾਨ ਵੱਡੇ ਨੁਕਸਾਨ ਦਾ ਸਾਹਮਣਾ ਕਰ ਚੁੱਕੇ ਛੋਟੇ ਦੁਕਾਨਦਾਰ, ਵਪਾਰੀਆਂ ਨੂੰ ਕੁਝ ਰਾਹਤ ਮਿਲਦੀ, ਇੰਸਟੀਚਿਊਸ਼ਨਲ ਟੈਕਸ ਮਾਫ ਕਰਨ ਨਾਲ ਕੋਈ ਵੱਡੀ ਰਾਹਤ ਨਹੀਂ ? ਰਾਹਤ ਦੇਣੀ ਸੀ ਤਾਂ ਪੈਟਰੋਲ ਅਤੇ ਡੀਜਲ ਜਿਸ ਤੇ ਸਭ ਤੋਂ ਵੱਧ ਟੈਕਸ ਪੰਜਾਬ ਸਰਕਾਰ ਵਸੂਲ ਰਹੀ ਹੈ 10-10 ਰੁਪਏ ਪ੍ਰਤੀ ਲਿਟਰ ਡੀਜਲ ਪਟਰੋਲ ਰਾਹਤ ਦੇਣ ਦਾ ਐਲਾਨ ਕਰਦੇ। ਮੁੱਖ ਮੰਤਰੀ ਸਾਹਿਬ ਸਰਕਾਰ ਦੀ ਆਖਰੀ ਦੀਵਾਲੀ ਵੀ ਪੰਜਾਬ ਵਾਸੀ ਤੇ ਖਾਸਕਰ ਵਪਾਰੀ ਸਰਕਾਰ ਦੀਆ ਨੀਤੀਆਂ ਤੋਂ ਦੁਖੀ ਹੋ ਕੇ ਮਜਬੂਰ ਦੀਵਾਲੀ ਹੀ ਮਨਾਉਣ ਲਈ ਮਜਬੂਰ ਹਨ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ ਖਾਸਕਰ ਖਜਾਨਾ ਮੰਤਰੀ ਦੀ ਸੋਚ ਕਰਕੇ ਪੰਜਾਬ ਦਾ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਤੇ ਸਰਕਾਰ ਵੱਲੋਂ ਕੋਈ ਰਾਹਤ ਨਾ ਮਿਲਣ ਕਰਕੇ ਨਵੀਂ ਇੰਡਸਟਰੀ ਨਹੀ ਆਈ ਬਲਕਿ ਸੈਂਕੜੇ ਛੋਟੇ ਕਾਰਖਾਨੇ ,ਇੰਡਸਟਰੀਆਂ ਬੰਦ ਹੋ ਚੁੱਕੀ ਹਨ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਪਾਰੀ ਵਰਗ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਨਾਲ ਚੱਟਾਨ ਵਾਂਗ ਜੁੜੇਗਾ ਤੇ ਸਰਕਾਰ ਆਉਣ ਤੇ ਹਰ ਤਰ੍ਹਾਂ ਦੀ ਰਾਹਤ ਮੁਹੱਈਆ ਕਰਵਾਵਾਂਗੇ ।
Share the post "ਮੁੱਖ ਮੰਤਰੀ ਵੱਲੋਂ ਵਪਾਰੀਆਂ ਨੂੰ ਰਾਹਤ ਦੇਣ ਦੇ ਬਿਆਨ ਤੇ ਸਾਬਕਾ ਵਿਧਾਇਕ ਨੇ ਉਠਾਏ ਸਵਾਲ…!"