21 Views
ਕੀਤੀ ਮੰਗ, ਮੇਲੇ ਦਾ ਕਤਲ ਦੇ ਕਾਰਨਾਂ ਦਾ ਖੁਲਾਸਾ ਕੀਤਾ ਜਾਵੇ
ਬਠਿੰਡਾ, 24 ਨਵੰਬਰ: ਕਰੀਬ ਇਕ ਮਹੀਨਾ ਪਹਿਲਾਂ ਲੰਘੀ 28 ਅਕਤੂਬਰ ਨੂੰ ਸਥਾਨਕ ਸ਼ਹਿਰ ਦੀ ਮਾਲ ਰੋਡ ‘ਤੇ ਇੱਕ ਕੁਲਚਾ ਵਪਾਰੀ ਹਰਜਿੰਦਰ ਜੌਹਲ ਉਰਫ ਮੇਲਾ ਦੇ ਹੋਏ ਕਤਲ ਦੇ ਮਾਮਲੇ ਵਿੱਚ ਅੱਜ ਪੀੜਤ ਪਰਿਵਾਰ ਨਵੇਂ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੂੰ ਮਿਲਿਆ। ਇਸ ਮੌਕੇ ਪਰਿਵਾਰ ਨੇ ਮੰਗ ਕੀਤੀ ਕਿ ਬੇਸ਼ਕ ਪੁਲਿਸ ਨੇ ਤੇਜ਼ੀ ਦਿਖਾਉਂਦਿਆਂ ਕਾਤਲਾਂ ਨੂੰ ਥੋੜੇ ਸਮੇਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਪ੍ਰੰਤੂ ਹਾਲੇ ਤੱਕ ਪੁਲਿਸ ਇਸ ਗੱਲ ਦਾ ਖੁਲਾਸਾ ਨਹੀਂ ਕਰ ਪਾ ਰਹੀ ਹੈ ਕਿ ਉਨਾਂ ਦੇ ਪਰਿਵਾਰ ਦੇ ਮੁਖੀ ਦਾ ਕਤਲ ਕਿਸਨੇ ਅਤੇ ਕਿਹੜੇ ਕਾਰਨਾਂ ਕਰਕੇ ਕਰਵਾਇਆ ਹੈ। ਜਿਸਦੇ ਚਲਦੇ ਉਹਨਾਂ ਦੇ ਮਨ ਵਿੱਚ ਵੀ ਡਰ ਬਣਿਆ ਹੋਇਆ ਹੈ ਕਿ ਮੇਲੇ ਦਾ ਅਸਲੀ ਕਾਤਲ ਕੌਣ ਹੈ।
ਇਸ ਮੌਕੇ ਮਹਰੂਮ ਮੇਲੇ ਦੀ ਪਤਨੀ ਆਰਤੀ ਜੋਹਲ ਅਤੇ ਪੁੱਤਰ ਹਰਮਨ ਜੌਹਲ ਤੋਂ ਇਲਾਵਾ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਐਸਐਸਪੀ ਨਾਲ ਮਿਲਣੀ ਤੋਂ ਬਾਅਦ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸਿਕ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾ ਰਹੀ ਅਤੇ ਮਾਮਲੇ ਨੂੰ ਤਹਿ ਤੱਕ ਲਿਜਾਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਇਸ ਗੱਲ ਨੂੰ ਪਰਿਵਾਰ ਤੋਂ ਇਲਾਵਾ ਸ਼ਹਿਰ ਦਾ ਹਰ ਵਾਸੀ ਜਾਣਨਾ ਚਾਹੁੰਦਾ ਹੈ ਕਿ ਇਸ ਕਤਲ ਦੇ ਪਿੱਛੇ ਅਸਲ ਵਜਾ ਕੀ ਹੈ ਅਤੇ ਗੈਂਗਸਟਰ ਅਰਸ਼ ਡੱਲਾ ਤੱਕ ਸੰਪਰਕ ਕਰਕੇ ਇਹ ਕਤਲ ਕਰਾਉਣ ਵਾਲਾ ਵਿਅਕਤੀ ਕੌਣ ਹੈ।
ਦੱਸਣਾ ਬਣਦਾ ਹੈ ਕਿ ਮਾਲ ਰੋਡ ‘ਤੇ ਸਥਿਤ ਹਰਮਨ ਅੰਮ੍ਰਿਤਸਰ ਹੀ ਕੁਲਚਾ ਦੇ ਮਾਲਕ ਹਰਜਿੰਦਰ ਜੋਹਲ ਉਰਫ ਮੇਲਾ ਦਾ 28 ਅਕਤੂਬਰ ਨੂੰ ਸ਼ਾਮ ਕਰੀਬ 5:30 ਵਜੇ ਉਸ ਸਮੇਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਬੇਰਹਿਮੀ ਨਾਲ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਰੈਸਟੋਰੈਂਟ ਦੇ ਬਾਹਰ ਬੈਠਾ ਹੋਇਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਦਿਨਾਂ ਬਾਅਦ ਚੰਡੀਗੜ੍ਹ ਨੇੜੇ ਜੀਰਕਪੁਰ ਦੇ ਇੱਕ ਹੋਟਲ ਵਿੱਚ ਹੋਏ ਪੁਲਿਸ ਮੁਕਾਬਲੇ ਤੋਂ ਬਾਅਦ ਮੋਟਰਸਾਈਕਲ ਸਵਾਰ ਉਕਤ ਦੋਨਾਂ ਨੌਜਵਾਨਾਂ ਤੋਂ ਇਲਾਵਾ ਇੱਕ ਹੋਰ ਮਾਸਟਰ ਮਾਇੰਡ ਨੂੰ ਗ੍ਰਿਫਤਾਰ ਕਰ ਲਿਆ ਸੀ।
ਪੁੱਛਗਿੱਛ ਦੌਰਾਨ ਇਹਨਾਂ ਮੁਜਰਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਇਹ ਕੰਮ ਉਹਨਾਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਰਸ਼ ਡੱਲਾ ਦੇ ਕਹਿਣ ਉੱਪਰ ਕੀਤਾ ਹੈ। ਪਰਿਵਾਰ ਮੁਤਾਬਕ ਉਹਨਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਜਿਸ ਦੇ ਚਲਦੇ ਉਹ ਹਾਲੇ ਵੀ ਸਦਮੇ ਅਤੇ ਭੈਅ ਵਿੱਚ ਹਨ ਕਿ ਅਰਸ਼ ਡੱਲਾ ਨੇ ਮੇਲੇ ਦਾ ਕਤਲ ਕਿਉਂ ਕਰਵਾਇਆ ਹੈ ? ਉਨਾਂ ਕਿਹਾ ਕਿ ਇਸ ਦੇ ਪਿੱਛੇ ਕੋਈ ਨਾ ਕੋਈ ਵਿਅਕਤੀ ਜਰੂਰ ਹੈ ਜਿਸਨੇ ਅਰਸ਼ ਡਾਲੇ ਨਾਲ ਸੰਪਰਕ ਕਰਕੇ ਇਸ ਘਟਨਾ ਨੂੰ ਅੰਜਾਮ ਦਵਾਇਆ ਹੈ। ਜਿਸ ਦੇ ਚਲਦੇ ਇਹ ਜਰੂਰੀ ਹੈ ਕਿ ਇਸ ਘਟਨਾ ਦੇ ਮੁੱਖ ਮਾਸਟਰ ਮਾਇੰਡ ਦੇ ਚਿਹਰੇ ਤੋਂ ਨਕਾਬ ਉਤਾਰਿਆ ਜਾਵੇ।