-ਯਿਸੂ ਮਸੀਹ ਦਾ ਜੀਵਨ ਸਾਨੂੰ ਗ਼ਰੀਬਾਂ ਦੀ ਨਿਰਸਵਾਰਥ ਸੇਵਾ ਕਰਨਾ ਸਿਖਾਉਂਦਾ ਹੈ – ਅਰਵਿੰਦ ਕੇਜਰੀਵਾਲ
-ਦਿੱਲੀ ਦੀ ‘ਆਪ’ ਸਰਕਾਰ ਯਿਸੂ ਮਸੀਹ ਤੋਂ ਪ੍ਰੇਰਨਾ ਲੈ ਕੇ ਗ਼ਰੀਬਾਂ ਦੀ ਸੇਵਾ ਕਰ ਰਹੀ ਹੈ – ਕੇਜਰੀਵਾਲ
– ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਰੇ ਧਰਮਾਂ ਦੇ ਲੋਕ ਸਨਮਾਨ ਅਤੇ ਸ਼ਰਧਾ ਰੱਖਦੇ ਹਨ- ਕੇਜਰੀਵਾਲ
-ਕਿਹਾ, ਬੇਸਹਾਰਾ ਅਤੇ ਗ਼ਰੀਬਾਂ ਦੀ ਸੇਵਾ ਲਈ ਅਸੀ ਨੌਕਰੀ ਛੱਡ ਕੇ ਮਦਰ ਟੈਰੇਸਾ ਦੇ ਨਾਲ ਕੰਮ ਕੀਤਾ
ਸੁਖਜਿੰਦਰ ਮਾਨ
ਧਾਰੀਵਾਲ / ਗੁਰਦਾਸਪੁਰ , 24 ਦਸੰਬਰ: ਦੋ ਦਿਨਾਂ ਦੇ ਪੰਜਾਬ ਦੌਰੇ ਉੱਤੇ ਆਏ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕ੍ਰਿਸ਼ਮਸ ਦੇ ਤਿਉਹਾਰ ਦੇ ਮੱਦੇਨਜਰ ਸ਼ੁੱਕਰਵਾਰ ਨੂੰ ਧਾਰੀਵਾਲ ਵਿਖੇ ਈਸਾਈ ਭਾਈਚਾਰੇ ਵੱਲੋਂ ਆਯੋਜਿਤ ਇੱਕ ਸਭਾ ਵਿਚ ਭਾਗ ਲਿਆ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸਾਰੇ ਧਰਮ ਸਾਨੂੰ ਆਪਸ ਵਿੱਚ ਮਿਲ ਕੇ ਰਹਿਣਾ ਸਿਖਾਉਂਦੇ ਹਨ। ਪੰਜਾਬ ਵਿਚ ਲੋਕਾਂ ਦੀ ਆਪਸੀ ਸਾਂਝ ਅਤੇ ਸਦਭਾਵਨਾ ਭਰਿਆ ਮਜ਼ਬੂਤ ਭਾਈਚਾਰਾ ਹੀ ਪੰਜਾਬ ਦੀ ਖ਼ੂਬਸੂਰਤੀ ਹੈ ।
ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਯਿਸੂ ਮਸੀਹ ਦਾ ਜੀਵਨ ਸਾਨੂੰ ਗ਼ਰੀਬ ਅਤੇ ਬੇਸਹਾਰਾ ਲੋਕਾਂ ਦਾ ਨਿਰਸਵਾਰਥ ਭਾਵ ਨਾਲ ਸੇਵਾ ਕਰਨਾ ਸਿਖਾਉਂਦਾ ਹੈ। ਯਿਸੂ ਮਸੀਹ ਨੇ ਆਪਣਾ ਪੂਰਾ ਜੀਵਨ ਗ਼ਰੀਬਾਂ ਦੀ ਸੇਵਾ ਵਿੱਚ ਗੁਜ਼ਾਰਿਆ । ਲੋਕਾਂ ਦੇ ਪ੍ਰਤੀ ਉਨਾਂ ਦੇ ਦਿਲ ਵਿੱਚ ਸਿਰਫ਼ ਸੇਵਾ ਭਾਵ ਸੀ। ਜਦੋਂ ਉਨਾਂ ਦੇ ਸਰੀਰ ਵਿੱਚ ਕੀਲਾਂ ਠੋਕਿਆਂ ਜਾ ਰਹੀਆਂ ਸਨ, ਉਸ ਸਮੇਂ ਵੀ ਉਹ ਕੀਲ ਠੋਕਣ ਵਾਲਿਆਂ ਨੂੰ ਮਾਫ਼ ਕਰਨ ਲਈ ਭਗਵਾਨ ਤੋਂ ਅਰਦਾਸ ਕਰ ਰਹੇ ਸਨ । ਕੇਜਰੀਵਾਲ ਨੇ ਕਿਹਾ , ਮੈਂ ਯਿਸੂ ਮਸੀਹ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹਾਂ । ਟਾਟਾ ਸਟੀਲ ਵਿੱਚ ਇੰਜੀਨੀਅਰ ਦੀ ਨੌਕਰੀ ਛੱਡ ਕੇ ਮੈਂ ਗ਼ਰੀਬਾਂ ਦੀ ਮਸੀਹਾ ਮਦਰ ਟੈਰੇਸਾ ਦੇ ਨਾਲ ਕੰਮ ਕਰਨ ਲਈ ਕੋਲਕਾਤਾ ਚਲਾ ਗਿਆ। ਉਨਾਂ ਦੇ ਨਾਲ ਮੈਂ ਬਹੁਤ ਦਿਨਾਂ ਤੱਕ ਕੋਲਕਾਤਾ ਦੇ ਗ਼ਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕੀਤੀ ।ਕੇਜਰੀਵਾਲ ਨੇ ਕਿਹਾ, ਕਿਸੇ ਵੀ ਧਰਮ ਦਾ ਮੂਲ ਸਿਧਾਂਤ ਸੇਵਾ ਅਤੇ ਸਦਭਾਵ ਹੀ ਹੁੰਦਾ ਹੈ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਧਰਮਾਂ ਦੀ ਮੁੱਢਲੀਆਂ ਨੀਤੀਆਂ (ਸੇਵਾ ਦੀ ਨੀਤੀ) ਦੇ ਅਨੁਸਾਰ ਕੰਮ ਕਰ ਰਹੀ ਹੈ। ਯਿਸੂ ਮਸੀਹ ਦੇ ਦੱਸੇ ਮਾਰਗ ਉੱਤੇ ਚੱਲ ਕੇ ਅਸੀਂ ( ਦਿੱਲੀ ਸਰਕਾਰ) ਗ਼ਰੀਬਾਂ ਦੀ ਸੇਵਾ ਲਈ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਗ਼ਰੀਬਾਂ ਦੇ ਬੱਚੇ ਹੀ ਪੜਦੇ ਹਨ। ਗ਼ਰੀਬ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਜਾਂਦੇ ਹਨ। ਇਸ ਲਈ ਅਸੀਂ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਬਣਾਇਆ ਅਤੇ ਦਿੱਲੀ ਦੇ ਲੋਕਾਂ ਦਾ ਇਲਾਜ, ਜਾਂਚ ਅਤੇ ਆਪ੍ਰੇਸ਼ਨ ਮੁਫ਼ਤ ਦੀ ਸਹੂਲਤ ਦਿੱਤੀ ਜਾ ਰਹੀ ਹੈ।ਬੇਅਦਬੀ ਦੀਆਂ ਘਟਨਾਵਾਂ ਉੱਤੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਹਰੇਕ ਧਰਮ ਦੇ ਉਪਾਸ਼ਕ ਡੂੰਘੀ ਸ਼ਰਧਾ ਅਤੇ ਸਤਿਕਾਰ ਰੱਖਦੇ ਹਨ। ਸਾਰੇ ਧਰਮਾਂ ਦੇ ਲੋਕ ਸ੍ਰੀ ਗੁਰਦੁਆਰਾ ਸਾਹਿਬ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਿਰ ਝੁਕਾਉਂਦੇ ਹਨ ਅਤੇ ਉਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਬੇਅਦਬੀ ਦੀਆਂ ਘਟਨਾਵਾਂ ਨਾਲ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਸਾਰੇ ਪੰਜਾਬੀਆਂ ਨੂੰ ਠੇਸ ਪਹੁੰਚੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਵਿਸਫੋਟ ਕਰਾਉਣ ਵਾਲਿਆਂ ਨੂੰ ਭਗਵਾਨ ਅਤੇ ਪੰਜਾਬ ਦੇ ਲੋਕ ਕਦੇ ਮਾਫ਼ ਨਹੀਂ ਕਰਨਗੇ ।
ਮਜ਼ਬੂਤ ਆਪਸੀ ਭਾਈਚਾਰਾ ਹੀ ਪੰਜਾਬ ਦੀ ਖ਼ੂਬਸੂਰਤੀ ਹੈ – ਅਰਵਿੰਦ ਕੇਜਰੀਵਾਲ
11 Views