ਕਿਹਾ ਕਿ ਨੋਟਬੰਦੀ, ਜੀਐਸਟੀ ਤੇ ਖੇਤੀ ਬਿੱਲਾਂ ਦੀ ਤਰ੍ਹਾਂ ਮੋਦੀ ਸਰਕਾਰ ਦਾ ਇੱਕ ਹੋਰ ਗਲਤ ਫੈਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 17 ਜੂਨ: ਕੇਂਦਰ ਦੀ ਮੋਦੀ ਸਰਕਾਰ ਵਲੋਂ ਭਾਰਤੀ ਫ਼ੌਜਾਂ ’ਚ ਭਰਤੀ ਲਈ ਲਿਆਂਦੀ ਨਵੀਂ ‘ਅਗਨੀਵੀਰ ’ ਨਾਂ ਦੀ ਨੀਤੀ ਦਾ ਜਿੱਥੇ ਦੇਸ ਭਰ ਦੇ ਨੌਜਵਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ, ਉਥੇ ਵਿਰੋਧੀ ਪਾਰਟੀਆਂ ਵੀ ਭਾਜਪਾ ਸਰਕਾਰ ਦੇ ਇਸ ਫੈਸਲੇ ’ਤੇ ਉਗਲ ਚੁੱਕ ਰਹੀਆਂ ਹਨ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੀਤੀ ਨੂੰ ਜਮੀਨੀ ਹਕੀਕਤਾਂ ਤੋਂ ਦੂਰ ਕਰਾਰ ਦਿੰਦਿਆਂ ਕੇਂਦਰ ਨੂੰ ਤੁਰੰਤ ਇਹ ਨੀਤੀ ਵਾਪਸ ਲੈਣ ਦੀ ਮੰਗ ਕੀਤੀ ਹੈ। ਸ: ਵੜਿੰਗ ਨੇ ਕਿਹਾ ਕਿ ਨੋਟਬੰਦੀ, ਜੀਐਸਟੀ ਤੇ ਖੇਤੀ ਬਿੱਲਾਂ ਦੀ ਤਰਜ਼ ’ਤੇ ਮੋਦੀ ਸਰਕਾਰ ਵਲੋਂ ਇਹ ਫੈਸਲਾ ਵੀ ਬਿਨ੍ਹਾਂ ਗੰਭੀਰ ਵਿਚਾਰ ਕੀਤਿਆਂ ਗਲਤ ਸਲਾਹ ’ਤੇ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਸ ਨੀਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਦੇਸ਼ ਦੀ ਆਨ-ਬਾਨ-ਸ਼ਾਨ ਮੰਨੀਆਂ ਜਾਂਦੀਆਂ ਤਿੰਨਾਂ ਸੈਨਾਵਾਂ ਵਿਚ ‘‘ਨੌਜਵਾਨਾਂ ਨੂੰ ਸਿਰਫ਼ ਚਾਰ ਸਾਲਾਂ ਲਈ ਨੌਕਰੀ ’ਤੇ ਰੱਖਣਾ ਅਤੇ ਬਾਅਦ ਵਿਚ ਬਿਨਾਂ ਕਿਸੇ ਪੈਨਸ਼ਨ ਜਾਂ ਹੋਰ ਲਾਭਾਂ ਤੋਂ ਬਾਹਰ ਕੱਢ ਦੇਣਾ ਗੌਰ ਬੇਇਨਸਾਫ਼ੀ ਹੈ। ‘‘ ਹਾਲਾਂਕਿ ਇਸ ਮੌਕੇ ਉਨ੍ਹਾਂ ਇਸ ਫੈਸਲੇ ਦਾ ਸਖ਼ਤ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਸ਼ਾਂਤੀਮਈ ਤਰੀਕੇ ਨਾਲ ਰੋਸ਼ ਪ੍ਰਗਟ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਅੱਠ ਸਾਲਾਂ ਵਿਚ ਭਾਜਪਾ ਸਰਕਾਰ ਨੇ ਦੇਸ਼ ਨੂੰ ਪਿਛਾਂਹ ਧੱਕਣ ਲਈ ਕੰਮ ਕੀਤਾ ਹੈ ਜਾਂ ਫ਼ਿਰ ਵਿਰੋਧੀ ਪਾਰਟੀਆਂ ਨੂੰ ਕੁੱਟਣ ਦਾ।
Share the post "ਰਾਜਾ ਵੜਿੰਗ ਨੇ ਕੇਂਦਰ ਦੀ ਨਵੀਂ ‘ਅਗਨੀਵੀਰ’ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ"