ਸੁਖਜਿੰਦਰ ਮਾਨ
ਚੰਡੀਗੜ੍ਹ, 10 ਅਪ੍ਰੈਲ: ਅਪਣੇ ਸੁਭਾਅ ਮੁਤਾਬਕ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁਧ ਬੋਲਣ ਵਾਲੇ ਸਾਬਕਾ ਵਿਧਾਇਕ ਸੁੁਰਜੀਤ ਸਿੰਘ ਧੀਮਾਨ ਨੂੰੂ ਪਾਰਟੀ ਨੇ ਬਾਹਰ ਦਾ ਰਾਸਤਾ ਦਿਖ਼ਾ ਦਿੱਤਾ ਹੈ, ਜਿਸਦੇ ਨਾਲ ਅਨੁਸ਼ਾਸਨਹੀਣਤਾ ਵਾਲੇ ਮਾਹੌਲ ਦੇ ਚੱਲ ਰਹੇ ਇਸ ਦੌਰ ਦੌਰਾਨ ਹੋਰਨਾਂ ਆਗੂਆਂ ਨੂੰ ਵੀ ਸੁਨੇਹਾ ਮਿਲ ਗਿਆ ਹੈ। ਦਸਣਾ ਬਣਦਾ ਹੈ ਕਿ ਧੀਮਾਨ ਨੇ ਰਾਜਾ ਵੜਿੰਗ ਉਪਰ ਕਈ ਤਰ੍ਹਾਂ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣ ਦਾ ਵਿਰੋਧ ਕੀਤਾ ਸੀ ਪ੍ਰੰਤੂ ਹਾਈਕਮਾਂਡ ਨੇ ਇਸ ਤਰ੍ਹਾਂ ਦੀ ਅਨੁਸਾਸਨਹੀਣਤਾ ਕਾਰਨ ਪੰਜਾਬ ਵਿਚ ਪਾਰਟੀ ਨੂੰ ਹੋਏ ਪਹਿਲਾਂ ਨੁਕਸਾਨ ਦੇ ਚੱਲਦਿਆਂ ਹੁਣ ਸਖ਼ਤੀ ਕਰਨ ਦਾ ਫੈਸਲਾ ਲਿਆ ਹੈ, ਜਿਸਦੇ ਚੱਲਦੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ ਵਲੋਂ ਜਾਰੀ ਆਦੇਸ਼ਾਂ ਮੁਤਾਬਕ ਉਕਤ ਸਾਬਕਾ ਵਿਧਾਇਕ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਗੌਰਤਲਬ ਹੈ ਕਿ ਉਕਤ ਆਗੂ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਨਜਦੀਕੀ ਮੰਨਿਆ ਜਾਂਦਾ ਹੈ, ਜਿਸਨੇ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਮੋਰਚਾ ਖੋਲਿਆ ਸੀ।