ਜ਼ਿਲ੍ਹੇ ਦੀਆਂ ਮੰਡੀਆਂ ’ਚ ਪੁੱਜੀ 2,71,178 ਮੀਟਰਕ ਟਨ ਕਣਕ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਪਿਛਲੇ ਸਮੇਂ ਦੌਰਾਨ ਹੋਈਆਂ ਬੇਮੌਸਮੀ ਬਾਰਸ਼ਾਂ ਅਤੇ ਗੜ੍ਹੇਮਾਰੀ ਕਾਰਨ ਕਣਕ ਸਹਿਤ ਹੋਰਨਾਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਕਾਰਨ ਆਰਥਿਕ ਤੌਰ ’ਤੇ ਝੰਬੇ ਕਿਸਾਨਾਂ ਦੇ ਹੁਣ ਬੀਤੀ ਦੇਰ ਰਾਤ ਆਏ ਭਾਰੀ ਝੱਖੜ ਝੋਲੇ ਅਤੇ ਹਲਕੀ ਬਾਰਸ਼ ਨੇ ਸਾਹ ਸੂਤ ਦਿੱਤੇ ਹਨ। ਪਿਛਲੇ ਕੁੱਝ ਦਿਨਾਂ ਤੋਂ ਮੌਸਮ ਵਿਚ ਗਰਮਾਹਟ ਆਉਣ ਕਾਰਨ ਕਣਕ ਦੀ ਵਾਢੀ ਦਾ ਕੰਮ ਜੋਰਾਂ ’ਤੇ ਚੱਲ ਰਿਹਾ ਹੈ ਤੇ ਲਗਾਤਾਰ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਪ੍ਰੰਤੂ ਹੁਣ ਨਿਤ ਦਿਨ ਬਦਲਦੇ ਮੌਸਮ ਕਾਰਨ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ। ਦੂਜੇ ਪਾਸੇ ਆੜਤੀ ਤੇ ਮੰਡੀਕਰਨ ਬੋਰਡ ਦੇ ਅਧਿਕਾਰੀ ਵੀ ਕਿਸਾਨਾਂ ਦੀਆਂ ਦਿੱਕਤਾਂ ਦੂਰ ਕਰਨ ਲੱਗੇ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਕਾਫ਼ੀ ਤੇਜ ਹਨੇਰੀ ਆਉਣ ਤੋਂ ਬਾਅਦ ਬਠਿੰਡਾ ਪੱਟੀ ਦੇ ਕਈ ਥਾਵਾਂ ’ਚ ਹਲਕੀ ਬਾਰਸ਼ ਵੀ ਆਈ। ਜਿਸ ਕਾਰਨ ਜਿੱਥੇ ਖੇਤਾਂ ’ਚ ਖੜੀਆਂ ਕਣਕਾਂ ਦੀ ਫ਼ਸਲ ਦੇ ਮੁੜ ਖਰਾਬ ਹੋਣ ਦੀ ਸੰਭਾਵਨਾ ਬਣ ਗਈ, ਉਥੇ ਮੰਡੀਆਂ ਵਿਚ ਪੁੱਜੀ ਕਣਕ ਦੇ ਭਿੱਜਣ ਦਾ ਖ਼ਤਰਾ ਬਣ ਗਿਆ ਸੀ। ਅੱਜ ਸਥਾਨਕ ਬਠਿੰਡਾ ਮੰਡੀ ਦਾ ਦੌਰਾ ਕਰਨ ’ਤੇ ਕਿਸਾਨਾਂ ਨੇ ਦਸਿਆ ਕਿ ਆੜਤੀਆਂ ਦੇ ਪੱਲੇਦਾਰਾਂ ਦੀ ਮੱਦਦ ਨਾਲ ਸੈਡ ਤੋਂ ਬਾਹਰ ਪਈ ਕਣਕ ਉਪਰ ਤਰਪਾਲਾਂ ਪਾਈਆਂ ਗਈਆਂ,ਜਿਸ ਵਿਚੋਂ ਕਾਫ਼ੀ ਸਾਰੀਆਂ ਇਸ ਤੇਜ ਹਨੇਰੀ ਵਿਚ ਉਡ ਗਈਆਂ। ਮੰਡੀ ’ਚ ਮੌਜੂਦ ਜੈ ਸਿੰਘ ਵਾਲਾ ਦੇ ਕਿਸਾਨ ਗੁਰਚਰਨ ਸਿੰਘ ਨੇ ਦਸਿਆ ਕਿ ਸਾਰੀ ਰਾਤ ਹੀ ਉਨ੍ਹਾਂ ਨੂੰ ਜਾਗ ਕੇ ਕੱਟਣੀ ਪਈ। ਜਦੋਂਕਿ ਮਾਰਕੀਟ ਕਮੇਟੀ ਬਠਿੰਡਾ ਦੇ ਸਕੱਤਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਕਿਸਾਨਾਂ ਦੀ ਮੁਸ਼ਕਿਲ ਨੂੰ ਰੱਖਦਿਆਂ ਵਿਭਾਗ ਵਲੋਂ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 2,71,178 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 2 ਲੱਖ 10 ਹਜ਼ਾਰ 88 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇੰਨ੍ਹਾਂ ਵਿਚੋਂ ਪਨਗਰੇਨ ਵੱਲੋਂ 61814 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 56847, ਪਨਸਪ ਵੱਲੋਂ 47820, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 37557 ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 6050 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਦੱਸਿਆ ਕਿ ਖਰੀਦ ਕੀਤੀ ਗਈ ਫਸਲ ਦੀ ਸਮੇਂ-ਸਿਰ ਲਿਫਟਿੰਗ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਣਕ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ। ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਕੋਈ ਕਮੀ ਨਹੀਂ ਰਹਿਣੀ ਚਾਹੀਦੀ।
ਰਾਤ ਨੂੰ ਆਏ ਝੱਖੜ-ਝੋਲੇ ਤੇ ਹਲਕੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤੇ
12 Views