ਕਿਹਾ, ਡੇਰਾ ਮੁਖੀ ਮੁੜ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ’ਚ
ਲਗਾਇਆ ਦੋਸ਼: ਬੇਟੀਆਂ ਦਾ ਬਲਾਤਕਾਰ ਤੇ ਬੇਟਿਆਂ ਦਾ ਕਤਲ ਕਰਨ ਵਾਲਾ ਨਹੀਂ ਹੋ ਸਕਦਾ ਗੁਰੂ
ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਵਾਰ-ਵਾਰ ਪੈਰੋਲ ਦੇਣ ਦੀ ਮਨਸ਼ਾ ’ਤੇ ਵੀ ਕੀਤਾ ਸ਼ੱਕ ਜ਼ਾਹਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਕਤੂਬਰ: ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਹਰਿਆਣਾ ਦੀ ਸੁਨਾਰੀਆਂ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਪੈਰੋਲ ’ਤੇ ਆਉਣ ਤੋਂ ਬਾਅਦ ਵਿੱਢੀਆਂ ਸਰਗਰਮੀਆਂ ‘ਤੇ ਸਵਾਲ ਚੁੱਕਦਿਆਂ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ‘‘ ਉਹ ਮੁੜ ਪੰਜਾਬ ’ਚ ਜਾਮ ਏ ਇੰਸਾ ਵਰਗੀ ਘਟਨਾ ਨੂੰ ਅੰਜਾਮ ਦੇ ਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਤਿਆਰੀ ਵਿਚ ਹੈ। ’’ ਅਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸ: ਰੰਧਾਵਾ ਨੇ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਸੌਦਾ ਸਾਧ ਨੂੰ ਵਾਰ ਵਾਰ ਪੈਰੋਲ ਦੇਣ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਅਜਿਹਾ ਸਿਰਫ਼ ਸਿਆਸੀ ਲਾਹਾ ਖੱਟਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਡੇਰਾ ਮੁਖੀ ਊਪਰ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਹ ਆਨ ਲਾਈਨ ਡੇਰਾ ਪ੍ਰੇਮੀਆਂ ਦੀਆਂ ਹੋ ਰਹੀਆਂ ਸਤਸੰਗਾਂ ਵਿਚ ਖ਼ੁਦ ਨੂੰ ਡੇਰਾ ਮੁਖੀ ਦੱਸ ਰਿਹਾ ਹੈ, ਉਹ ਗਲਤ ਹੈ ਕਿਉਂਕਿ ਬੇਟੀਆਂ ਨਾਲ ਬਲਾਤਕਾਰ ਕਰਨ ਵਾਲਾ ਅਤੇ ਬੇਟਿਆ ਦਾ ਕਤਲ ਕਰਨ ਵਾਲਾ ਗੁਰੂ ਨਹੀਂ ਹੋ ਸਕਦਾ। ਉਨ੍ਹਾਂ ਇਸ ਮਾਮਲੇ ‘ਤੇ ਪੰਜਾਬ ਸਰਕਾਰ ਵਲੋਂ ਕੋਈ ਐਕਸ਼ਨ ਨਾ ਲੈਣ ’ਤੇ ਸਵਾਲ ਖ਼ੜੇ ਕਰਦਿਆਂ ਨਾਲ ਹੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੁਆਰਾ ਧਾਰੀ ਚੁੱਪੀ ’ਤੇ ਵੀ ਉਸਦੇ ਪ੍ਰਧਾਨ ਨੂੰ ਵੀ ਘੇਰਿਆ ਹੈ। ਦਸਣਾ ਬਣਦਾ ਹੈ ਕਿ ਡੇਰਾ ਮੁਖੀ ਵਲੋਂ ਮਿਲੀ 40 ਦਿਨਾਂ ਦੀ ਪੈਰੋਲ ਦੌਰਾਨ ਵੱਡੇ ਪੱਧਰ ’ਤੇ ਸਤਸੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਤੇ ਨਾਲ ਹੀ ਉਸ ਵਲੋਂ ਡੇਰਾ ਪ੍ਰੇਮੀਆਂ ਨੂੰ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਡੇਰਾ ਸਲਾਬਤਪੁਰਾ ਦੀ ਤਰਜ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਬਲਾਕ ਸੰਗਰੂਰ ਵਿਚ ਅਜਿਹਾ ਇੱਕ ਹੋਰ ਡੇਰਾ ਖੋਲਣ ਦੀ ਮੰਨਜੂਰੀ ਦਿੱਤੀ ਗਈ ਹੈ ਜਦੋਂਕਿ ਡੇਰਾ ਮੁਖੀ ਵਲੋਂ ਸਲਾਬਤਪੁਰਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਦਿਆਂ ਪਿਲਾਏ ਕਥਿਤ ਜਾਮ ਏ ਇੰਸਾਂ ਦੇ ਵਿਰੋਧ ’ਚ ਸਭ ਤੋਂ ਪਹਿਲੀ ਸਹਾਦਤ ਵੀ ਸੁਨਾਮ ਦੇ ਇੱਕ ਸਿੱਖ ਵਲੋਂ ਦਿੱਤੀ ਗਈ ਸੀ।
Share the post "ਰਾਮ ਰਹੀਮ ਦੀਆਂ ਪੰਜਾਬ ’ਚ ਸਰਗਰਮੀਆਂ ‘ਤੇ ਸਾਬਕਾ ਗ੍ਰਹਿ ਮੰਤਰੀ ਰੰਧਾਵਾਂ ਨੇ ਚੁੱਕੇ ਸਵਾਲ"