ਡਿਪਟੀ ਕਮਿਸ਼ਨਰ ਵਲੋਂ ਤੈਅ ਸਮੇਂ ’ਤੇ ਨਾ ਮਿਲਣ ਕਰਕੇ ਕੀਤੀ ਰੋਹ ਭਰਪੂਰ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ : ਉੱਤਰੀ ਭਾਰਤ ਦੇ ਸਭ ਤੋਂ ਵੱਡੇ ਉਦਯੋਗ ਸ਼੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਨੂੰ ਨਹਿਰੀ ਵਿਭਾਗ ਵਲੋਂ 35 ਕਿਊਸਿਕ ਹੋਰ ਪਾਣੀ ਦੇ ਵਿਰੋਧ ’ਚ ਕਿਸਾਨਾਂ ਵਲੋਂ ਅੱਜ ਪ੍ਰਸ਼ਾਸਨ ਖਿਲਾਫ਼ ਜੰਮ ਕੇ ਗੁੱਸਾ ਕੱਢਿਆ ਗਿਆ। ਇਸ ਦੌਰਾਨ ਜਦ ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫ਼ਦ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਹੇਠ ਡੀਸੀ ਨੂੰ ਮਿਲਣ ਲਈ ਪਹੁੰਚਿਆ ਪਰੰਤੂ ਡੀਸੀ ਵਲੋਂ ਦਿੱਤੇ ਹੋਏ ਨਿਰਧਾਰਤ ਸਮੇਂ ’ਤੇ ਕਿਸਾਨਾ ਨੂੰ ਮਿਲਣ ਕਾਰਨ ਕਿਸਾਨਾਂ ਦਾ ਗੁੱਸਾ ਹੋਰ ਸੱਤਵੇਂ ਆਸਮਾਨ ’ਤੇ ਪੁੱਜ ਗਿਆ। ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਅੱਗੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ । ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਜੋ ਕੋਟਲਾ ਬ੍ਰਾਂਚ ਨਹਿਰ ਕੋਟਬਖਤੂ ਕੋਲ ਜਾ ਕੇ ਹੈਡ ਬਣਦੇ ਹਨ ਤੇ ਇਥੋਂ ਰਿਫਾਇਨਰੀ ਰਜਵਾਹਾ ਨਿਕਲਦਾ ਹੈ ਅਤੇ ਲਗਭਗ 35 ਕਿਊਸਕ ਪਾਣੀ ਰਿਫਾਇਨਰੀ ਨੂੰ ਜਾ ਰਿਹਾ ਹੈ ਪਰੰਤੂ ਹੁਣ ਰਿਫਾਇਨਰੀ 35 ਕਿਊਸਕ ਪਾਣੀ ਹੋਰ ਲੈਣਾ ਚਾਹੁੰਦੀ ਹੈ ਜਿਸ ਨਾਲ 70 ਕਿਊਸਿਕ ਪਾਣੀ ਇਕੱਲੀ ਰਿਫਾਇਨਰੀ ਨੂੰ ਚਲਾ ਜਾਵੇਗਾ। ਜਿਸਦੇ ਚੱਲਦੇ ਕਿਸਾਨਾਂ ਨੂੰ ਫ਼ਸਲਾਂ ਪਾਣੀ ਲਈ ਨਹਿਰੀ ਪਾਣੀ ਹੋਰ ਘਟ ਜਾਵੇਗਾ, ਕਿਉਂਕਿ ਕੋਟਲਾ ਬ੍ਰਾਂਚ ਨਹਿਰ ਦੇ ਇਸ ਹੈਡ ਤੱਕ ਸਿਰਫ਼ 311 ਕਿਊਸਕ ਪਾਣੀ ਪਹੁੰਚਦਾ ਹੈ। ਇਥੇ ਆ ਕੇ ਨਹਿਰ ਖ਼ਤਮ ਹੋ ਜਾਂਦੀ ਹੈ ਤੇ ਤਿੰਨ ਹੋਰ ਰਜਵਾਹੇ ਬੰਗੀ ਰਜਵਾਹਾ,ਰੁਘੂ ਰਜਵਾਹਾ,ਪੱਕਾ ਰਜਵਾਹਾ ਤੇ ਪਿੱਛੇ ਕਈ ਹੋਰ ਮੋਘੇ-ਸੂਏ ਪੈਂਦੇ ਹਨ ਜਿਨ੍ਹਾਂ ਵਿਚ ਪਹਿਲਾਂ ਹੀ ਪਾਣੀ ਦੀ ਕਮੀਂ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਜੇਕਰ ਰਿਫਾਇਨਰੀ ਨੂੰ ਜੇਕਰ ਪਾਣੀ ਦਿੱਤਾ ਜਾਂਦਾ ਹੈ ਤਾਂ ਘੱਟੋ ਘੱਟ 35 ਤੋਂ 40 ਪਿੰਡਾਂ ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਂਣਾ ਹੈ। ਇਸ ਤੋਂ ਇਲਾਵਾ ਨਸੀਬਪੁਰੇ ਜ਼ੋ ਫੈਕਟਰੀ ਲੱਗੀ ਹੈ ਉਸ ਨੂੰ ਪਾਣੀ ਦੇਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਜ਼ੋ ਕਿਸਾਨਾਂ ਨਾਲ ਧੋਖਾ ਹੈ ਕਿਉਂਕਿ ਨਹਿਰ ਵਿਚ ਪਹਿਲਾਂ ਹੀ ਪਾਣੀ ਦੀ ਕਮੀਂ ਹੈ। ਇਸ ਲਈ ਜਥੇਬੰਦੀ ਇਸ ਰਜਵਾਹੇ ਨੂੰ ਪਾਣੀ ਦੇਣ ਦਾ ਵਿਰੋਧ ਕਰਦੀ ਹੈ । ਇਸ ਸਮੇਂ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਤੇ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਸਰਕਾਰ ਕੋਲ ਕਿਸਾਨਾ ਨੂੰ ਦੇਣ ਲਈ ਪਾਣੀ ਨਹੀਂ ਹੈ ਜੋ ਟੇਲਾਂ ਤੇ ਪਾਣੀ ਪੂਰਾ ਕਰਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਲੜ ਰਹੇ ਹਨ ਬਲਕਿ ਸਰਮਾਏਦਾਰਾਂ ਫੈਕਟਰੀਆਂ ਲਈ ਪਾਣੀ ਦੀ ਕੋਈ ਘਾਟ ਨਹੀਂ ਹੈ । ਇਸ ਮੌਕੇ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਰਿਫਾਇਨਰੀ ਨੂੰ ਪਾਣੀ ਦਿੱਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਤਲਵੰਡੀ ਸਾਬੋ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ,ਜਰਨਲ ਸਕੱਤਰ ਕਾਲਾ ਸਿੰਘ ਚੱਠੇ ਵਾਲਾ, ਬਲਾਕ ਖਜਾਨਚੀ ਰਣਜੋਧ ਸਿੰਘ ਮਾਹੀ ਨੰਗਲ, ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਬਲਾਕ ਖਜਾਨਚੀ ਧਰਮਪਾਲ ਸਿੰਘ ਜੰਡੀਆਂ,ਨਥਾਣਾ ਬਲਾਕ ਦੇ ਪ੍ਰਧਾਨ ਹੁਸ਼ਿਆਰ ਸਿੰਘ ਅਤੇ ਨੇੜਲੇ ਪਿੰਡਾਂ ਦੇ ਪ੍ਰਧਾਨ ਤੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਰਿਫ਼ਾਈਨਰੀ ਨੂੰ ਨਹਿਰੀ ਪਾਣੀ ਦੇਣ ਦੇ ਵਿਰੁਧ ਕਿਸਾਨਾਂ ’ਚ ਫੈਲਿਆ ਗੁੱਸਾ
11 Views