ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਿਕਾਰਡਤੋੜ ਵੋਟਾਂ ਹਾਸਲ ਕਰਨਗੇ
ਸੁਖਜਿੰਦਰ ਮਾਨ
ਬਠਿੰਡਾ, 05 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਯੁਕਤ ਸਮਾਜ ਮੋਰਚੇ ਦੇ ਨਾਮ ਹੇਠ ਚੋਣਾਂ ਲੜਣ ਵਾਲੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦੋਸ਼ ਲਗਾਇਆ ਹੈ ਕਿ ਸੂਬੇ ਦੀਆਂ ਰਿਵਾਇਤੀ ਪਾਰਟੀਆਂ ਦਾ ਆਪਣੇ ਆਗੂਆਂ ਤੇ ਉਮੀਦਵਾਰਾਂ ਤੋਂ ਵਿਸਵਾਸ਼ ਉਠ ਗਿਆ ਹੈ, ਜਿਸਦੇ ਚੱਲਦੇ ਉਨ੍ਹਾਂ ਨੂੰ ਲੁਕੋਇਆ ਜਾ ਰਿਹਾ ਹੈ। ਮੋਰਚੇ ਦੇ ਬੈਨਰ ਹੇਠ ਚੋਣ ਵਾਲੇ ਬਠਿੰਡਾ ਪੱਟੀ ਦੇ ਉਮੀਦਵਾਰਾਂ ਨਾਲ ਸਥਾਨਕ ਟੀਚਰਜ਼ ਹੋਮ ਵਿਖੇ ਮੀਟਿੰਗ ਕਰਨ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਿਸਾਨ ਆਗੂ ਰਾਜੇਵਾਲ ਨੇ ਇਹ ਵੀ ਦਾਅਵਾ ਕੀਤਾ ਕਿ ‘‘ 15 ਦਿਨਾਂ ਦਾ ਘੱਟ ਸਮਾਂ ਮਿਲਣ ਦੇ ਬਾਵਜੂਦ ਮੋਰਚੇ ਦੇ ਉਮੀਦਵਾਰ ਰਿਕਾਰਡਤੋੜ ਵੋਟਾਂ ਹਾਸਲ ਕਰਨਗੇ। ’’ ਉਨ੍ਹਾਂ ਕਿਹਾ ਕਿ ਇੰਨ੍ਹਾਂ ਚੋਣਾਂ ਵਿਚ ਰਿਵਾਇਤੀ ਪਾਰਟੀਆਂ ਨੇ ਅਥਾਹ ਧਨ ਤੇ ਸ਼ਰਾਬ ਆਦਿ ਦੀ ਵੰਡ ਕੀਤੀ ਪ੍ਰੰਤੂ ਇਸਦੇ ਬਾਵਜੂਦ ਇਹ ਪਾਰਟੀਆਂ ਅਪਣੀ ਜਿੱਤ ਪ੍ਰਤੀ ਆਸਵੰਦ ਨਹੀਂ ਹਨ। ਕਿਸਾਨ ਆਗੂ ਨੇ ਇੰਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਅਪਣੇ ਅੰਦਰ ਝਾਤੀ ਮਾਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਅੱਜ ਲੋਕ ਉਨ੍ਹਾਂ ਵਿਰੁਧ ਲਾਮਵੰਦ ਕਿਉਂ ਹੋ ਗਏ ਹਨ। ਹਾਲਾਂਕਿ ਇਸ ਮੌਕੇ ੁਉਨ੍ਹਾਂ ਅਰਵਿੰਦ ਕੇਜ਼ਰੀਵਾਲ ਨੂੰ ਵੀ ਰਿਵਾਇਤੀ ਪਾਰਟੀਆਂ ਦਾ ਹਿੱਸਾ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਉਹ ਬਹੁਤ ਸਫਾਈ ਨਾਲ ਝੂਠ ਬੋਲਣ ਦੇ ਮਾਹਰ ਹਨ ਤੇ ਜਿਹੜੀ ਗੱਲ ਉਨ੍ਹਾਂ ਨੂੰ ਸਹੀ ਲੱਗਦੀ ਹੈ, ਉਹ ਅਪਣੇ ਸਾਥੀਆਂ ਦੇ ਮੂੰਹੋਂ ਕਹਾਉਂਦੇ ਹਨ। ਇਸਤੋਂ ਇਲਾਵਾ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਲੰਮੇ ਹੱਥੀ ਲੈਂਦਿਆਂ ਦੋਸ਼ ਲਗਾਇਆ ਕਿ ਕਿਸਾਨ ਅੰਦੋਲਨ ਨੂੰ ਖ਼ਤਮ ਕਰਵਾਉਣ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਨੂੰ ਉਸਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਜਿਸਦੇ ਤਹਿਤ ਬੀਬੀਐਮਬੀ ਤੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਤੇ ਚੰਡੀਗੜ੍ਹ ’ਚ ਪੰਜਾਬ ਦੇ ਮੁਲਾਜਮਾਂ ਨੂੰ ਹਟਾਉਣ ਆਦਿ ਵਰਗੇ ਫੈਸਲੇ ਲਏ ਜਾ ਰਹੇ ਹਨ। ਰਾਜੇਵਾਲ ਨੇ ਐਲਾਨ ਕੀਤਾ ਕਿ ਕੇਂਦਰ ਦੀ ਇਸ ਧੱਕੇਸ਼ਾਹੀ ਵਿਰੁਧ ਮੋਰਚੇ ਵਲੋਂ 7 ਮਾਰਚ ਨੂੰ ਹੈਡਕੁਆਟਰਾਂ ’ਤੇ ਧਰਨੇ ਦਿੱਤੇ ਜਾ ਰਹੇ ਹਨ ਤੇ ਜੇਕਰ ਸਰਕਾਰ ਟੱਸ ਤੋਂ ਮੱਸ ਨਾ ਹੋਈ ਤਾਂ ਮੁੜ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਰਿਵਾਇਤੀ ਪਾਰਟੀਆਂ ਦਾ ਅਪਣੇ ਉਮੀਦਵਾਰਾਂ ਤੋਂ ਉੱਿਠਆ ਵਿਸ਼ਵਾਸ਼: ਰਾਜੇਵਾਲ
10 Views