ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਸੀਆਈਏ-1 ਸਟਾਫ਼ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਰਾਜਸਥਾਨ ਤੋਂ ਆਏ ਲੂਣ ਦੇ ਭਰੇ ਟਰਾਲੇ ਵਿਚੋਂ 2 ਕੁਇੰਟਲ ਭੁੱਕੀ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਐਸ ਆਈ ਹਰਜੀਵਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਗਸ਼ਤ ’ਤੇ ਜਾ ਰਹੇ ਸੀ ਕਿ ਬਾਦਲ ਰੋਡ ’ਤੇ ਸਥਿਤ ਓਵਰਬਿ੍ਰਜ ਕੋਲ ਇੱਕ ਟਰਾਲੇ ਵਿਚ ਦੋ ਵਿਅਕਤੀ ਕੁੱਝ ਗੱਟਿਆਂ ਨੂੰ ਇਧਰ-ਉਧਰ ਕਰ ਰਹੇ ਸਨ। ਸ਼ੱਕ ਪੈਣ ’ਤੇ ਜਦ ਪੁਲਿਸ ਨੇ ਤਲਾਸ਼ੀ ਲਈ ਤਾਂ ਟਰਾਲੇ ਵਿਚ ਲੂਣ ਦੇ ਗੱਟੇ ਭਰੇ ਹੋਏ ਸਨ ਤੇ ਵਿਚ ਹੀ 10 ਗੱਟੇ ਪ੍ਰਤੀ ਗੱਟਾ 20-20 ਕਿਲੋ ਵਜ਼ਨ ਵਾਲੇ ਭੁੱਕੀ ਦੇ ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਇਹ ਭੁੱਕੀ ਰਾਜਸਥਾਨ ਤੋਂ ਲੈ ਕੇ ਆਏ ਸਨ। ਇਸ ਮੌਕੇ ਕਾਬੂ ਕੀਤੇ ਦੋਨਾਂ ਵਿਅਕਤੀਆਂ ਦੀ ਪਹਿਚਾਣ ਸੁਖਚੈਨ ਸਿੰਘ ਉਰਫ ਚੈਨਾ ਵਾਸੀ ਪਿੰਡ ਚੱਕ ਰਾਮ ਸਿੰਘ ਵਾਲਾ ਅਤੇ ਅੰਮਿ੍ਰਤਪਾਲ ਸਿੰਘ ਉਰਫ ਜੱਸੂ ਵਾਸੀ ਪਿੰਡ ਮਾਨਸਾ ਖੁਰਦ ਦੇ ਤੌਰ ’ਤੇ ਹੋਈ। ਪੁਲਿਸ ਨੇ ਟਰਾਲਾ ਘੋੜਾ ਨੰਬਰੀ ਪੀਬੀ09 ਕਿੳੂ-9231 ਅਤੇ ਉਸ ਵਿਚ ਲੱਦੇ ਹੋਏ ਨਮਕ ਦੇ 1100 ਗੱਟੇ ਵੀ ਅਪਣੇ ਕਬਜ਼ੇ ਵਿਚ ਲੈ ਲਏ। ਪੁਲਿਸ ਅਧਿਕਾਰੀਆਂ ਮੁਤਾਬਕ ਸੁਖਚੈਨ ਸਿੰਘ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਦਾ ਥਾਣਾ ਨਥਾਣਾ ਵਿਚ ਮੁਕੱਦਮਾ ਦਰਜ਼ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਉਨਾਂ ਕੋਲੋ ਇਹ ਭੁੱਕੀ ਅੱਗੇ ਕਿੱਥੇ ਭੇਜੀ ਜਾਣੀ ਸੀ, ਬਾਰੇ ਪੁਛਗਿਛ ਕੀਤੀ ਜਾਵੇਗੀ।