ਲਾਇਨ ਕਲੱਬ ਦੇ ਵਣ ਮਹਾਂਉਤਸਵ ਸਮਾਗਮ ਮੌਕੇ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 30 ਜੁਲਾਈ : ਰੁੱਖਾਂ ਦਾ ਸਤਿਕਾਰ ਕਰਨਾ ਅਤੇ ਕੁਦਰਤ ਨਾਲ ਪ੍ਰੇਮ ਦੋਨੋਂ ਇਕ ਸਮਾਨ ਹਨ, ਜੇਕਰ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਰਹੇ ਅਤੇ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਜਿੱਥੇ ਆਪਣੇ ਅਤੇ ਆਉਣ ਵਾਲੀ ਨਵੀਂ ਪੀੜੀ ਲਈ ਬਿਮਾਰੀਆਂ ਨੂੰ ਸੱਦਾ ਦੇਣ ਦਾ ਸਬੱਬ ਬਣਾਗੇ, ਉੱਥੇ ਗੁਰੂ ਸਾਹਿਬਾਨ ਦੇ ਸੰਦੇਸ਼ ‘ਬਲਿਹਾਰੀ ਕੁਦਰਤ ਵਸਿਆ’ ਦੀ ਉਲੰਘਣਾ ਕਰਨ ਦੇ ਭਾਗੀਦਾਰੀ ਵੀ ਹੋਵਾਂਗੇ। ਸਥਾਨਕ ਮਿਉਸਪਲ ਪਾਰਕ ਵਿਖੇ ਗੁੱਡ ਮੌਰਨਿੰਗ ਕਲੱਬ ਦੇ ਮੰਚ ’ਤੇ ਲਾਇਨਜ ਕਲੱਬ ਕੋਟਕਪੂਰਾ ਵਿਸ਼ਵਾਸ਼ ਵਲੋਂ ਵਣ ਮਹਾਂਉਤਸਵ ਮਨਾਉਣ ਮੌਕੇ ਬੂਟਾ ਲਾਉਣ ਦੀ ਸ਼ੁਰੂਆਤ ਕਰਦਿਆਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਨ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਸਰਕਾਰ ਵਲੋਂ ਹਰ ਤਰਾਂ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਮੁਫਤ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ ਪਰ ਬੂਟਿਆਂ ਦੀ ਦਰੱਖਤ ਬਣਨ ਤੱਕ ਸੰਭਾਲ ਕਰਨੀ ਵੀ ਬਹੁਤ ਜਰੂਰੀ ਹੈ। ਕਲੱਬ ਦੇ ਪ੍ਰਧਾਨ ਗੁਰਵੀਰਕਰਨ ਸਿੰਘ ਢਿੱਲੋਂ ਅਤੇ ਗੁਰਦੀਪ ਸਿੰਘ ਮੈਨੇਜਰ ਐੱਮ.ਜੇ.ਐੱਫ. ਨੇ ਸਪੀਕਰ ਸੰਧਵਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹਿਰ ਦੀਆਂ ਵੱਖ ਵੱਖ ਢੁੱਕਵੀਆਂ ਥਾਵਾਂ ’ਤੇ ਲਾਏ ਜਾਣ ਵਾਲੇ ਬੂਟਿਆਂ ਦੀ ਸੰਭਾਲ ਯਕੀਨੀ ਬਣਾਉਣਗੇ। ਕਲੱਬ ਦੇ ਸਕੱਤਰ ਵਿਕਰਾਂਤ ਧੀਂਗੜਾ ਅਤੇ ਖਜਾਨਚੀ ਸੁਖਵਿੰਦਰਪਾਲ ਸਿੰਘ ਹੈਲੀ ਸਦਿਉੜਾ ਨੇ ਸਪੀਕਰ ਸੰਧਵਾਂ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ। ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਸਾਰਿਆਂ ਦੀ ਜਾਣ-ਪਛਾਣ ਕਰਵਾਈ। ਕਲੱਬ ਦੇ ਕੈਬਨਿਟ ਮੈਂਬਰਾਂ ਰਜਿੰਦਰ ਸਿੰਘ ਸਰਾਂ ਅਤੇ ਰਛਪਾਲ ਸਿੰਘ ਭੁੱਲਰ ਨੇ ਕ੍ਰਮਵਾਰ ਨਿਊਜੀਲੈਂਡ ਅਤੇ ਆਸਟ?ਰੇਲੀਆ ਤੋਂ ਵਣ ਮਹਾਂਉਤਸਵ ਮਨਾਉਣ ਦੀ ਵਧਾਈ ਦਿੰਦਿਆਂ ਜਿੱਥੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ, ਉੱਥੇ ਸਪੀਕਰ ਸੰਧਵਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਨੀਲ ਕੁਮਾਰ ਬਿੱਟਾ ਗਰੋਵਰ, ਗੋਗੀ ਪੁਰਬਾ, ਜਗਸੀਰ ਸਿੰਘ ਆਦਿ ਸਮੇਤ ਹੋਰ ਵੀ ਅਨੇਕਾਂ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ।
Share the post "ਵਾਤਾਵਰਣ ਦੀ ਸੰਭਾਲ ਜਰੂਰੀ ਅਤੇ ਕੁਦਰਤ ਨਾਲ ਖਿਲਵਾੜ ਭਵਿੱਖ ਲਈ ਖਤਰਨਾਕ : ਸਪੀਕਰ ਸੰਧਵਾਂ"