ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਵਾਤਾਵਰਣ ਦੀ ਸਾਂਭ ਸੰਭਾਲ ’ਚ ਲੱਗੇ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ’ਚ ਬਣੀ ‘ਪੰਜਾਬ ਵਾਤਾਵਰਣ ਚੇਤਨਾ ਲਹਿਰ’ ਨੇ ਸੂਬੇ ਦੇ ਲੋਕਾਂ ਨੂੰ ਵਾਤਾਵਰਣ ਨੂੰ ਬਚਾਉਣ ਲਈ ‘ਲੋਕ ਮੁੱਦੇ ਨੂੰ ਵੋਟ ਮੁੱਦਾ ’ ਬਣਾਉਣ ਦੀ ਅਪੀਲ ਕੀਤੀ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਚੇਤਨਾ ਲਹਿਰ ਨਾਲ ਜੁੜੀਆਂ ਪੰਜਾਬ ਦੀਆਂ ਅਹਿਮ ਸਖ਼ਸੀਅਤਾਂ ਨਾਲ ਪੁੱਜੇ ਸੰਤ ਸੀਚੇਵਾਲ ਅਤੇ ਭਾਈ ਘਨਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਸਮੂਹ ਸਿਆਸੀ ਪਾਰਟੀਆਂ ਨੂੰ ਅਪਣੇ ਚੋਣ ਮਨੋਰਥ ਪੱਤਰ ’ਚ ਵਾਤਾਵਰਣ ਨਾਲ ਜੁੜੇ ਅੱਠ ਮੁੱਦਿਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨਾਂ ਦਾਅਵਾ ਕੀਤਾ ਕਿ ਪੰਜਾਬ ’ਚ ਬੇਰਹਿਮੀ ਨਾਲ ਪਾਣੀ ਦੀ ਹੋ ਰਹੀ ਦੁਰਵਰਤੋਂ ਦੇ ਚੱਲਦਿਆਂ ਹੁਣ ਸੂਬੇ ਦੇ ਲੋਕਾਂ ਕੋਲ ਆਉਣ ਵਾਲੇ ਸਿਰਫ਼ 17 ਸਾਲਾਂ ਦਾ ਪਾਣੀ ਬਚਿਆ ਹੈ, ਜਿਸਤੋਂ ਬਾਅਦ ਪੰਜਾਬ ਰੇਗਿਸਤਾਨ ਵੱਲ ਵਧ ਜਾਵੇਗਾ। ਇਸੇ ਤਰ੍ਹਾਂ ਜੰਗਲਾਂ ਦੀ ਅੰਧਾਧੁੰਦ ਕਟਾਈ ਕਾਰਨ ਹਰਿਆਲੀ ਵੀ ਖ਼ਤਮ ਹੋਣ ਕੰਢੇ ਹੈ। ਜਦੋਂਕਿ ਫੈਕਟਰੀਆਂ ਦੇ ਗੰਦੇ ਪਾਣੀ ਤੇ ਵੱਡੇ ਪੱਧਰ ’ਤੇ ਵਰਤੀਆਂ ਜਾ ਰਹੀਆਂ ਸਪਰੇਹਾਂ, ਰੇਹਾਂ ਕਾਰਨ ਦਰਿਆ ਤੇ ਧਰਤੀ ਹੇਠਲੇ ਜਲ ਸਰੋਤ ਪ੍ਰਦੂਸਿਤ ਹੋ ਚੁੱਕੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਹੋਰਨਾਂ ਸਾਰੀਆਂ ਮੁਢਲੀਆਂ ਲੋੜਾਂ ਨਾਲੋਂ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਬਚਾਉਣਾ ਜਰੂਰੀ ਹੈ, ਕਿਉਂਕਿ ਇਸਦੇ ਨਾਲ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਪਣੀ ਵੋਟ ਮੰਗਣ ਆਉਣ ਵਾਲੀਆਂ ਸਿਆਸੀ ਧਿਰਾਂ ਨੂੰ ਵਾਤਾਵਰਣ ਦੇ ਬਚਾਓ ਲਈ ਪ੍ਰੋਗਰਾਮ ਦਸਣ ਲਈ ਮਜਬੂਰ ਕਰਨ। ਇਸ ਮੌਕੇ ਡਾ ਮਨਜੀਤ ਸਿੰਘ ਜੋੜਾ, ਬਘੇਲ ਸਿੰਘ ਤੇ ਗੁਰਵਿੰਦਰ ਆਦਿ ਹਾਜ਼ਰ ਸਨ।
ਵਾਤਾਵਰਣ ਨੂੰ ਬਚਾਉਣ ਲਈ ‘ਲੋਕ ਮੁੱਦਾ ਬਣਾਓ ਵੋਟ ਮੁੱਦਾ’: ਸੰਤ ਸੀਚੇਵਾਲ
12 Views